‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਈ ਕੁੱਤੇ ਏਨੀ ਸ਼ਾਹੀ ਠਾਠ ਜ਼ਿੰਦਗੀ ਬਤੀਤ ਕਰਦੇ ਨੇ ਕਿ ਉਨ੍ਹਾਂ ਨੂੰ ਕੁੱਤਾ ਕਹਿਣਾ ਵੀ ਓਪਰਾ ਲੱਗਦਾ ਹੈ। ਇੱਕ ਪਾਸੇ ਕਰੋੜਾਂ ਲੋਕਾਂ ਕੋਲ ਦੋ ਡੰਗ ਦੀ ਢਿੱਡ ਭਰਵੀਂ ਰੋਟੀ ਨਹੀਂ ਜੁੜਦੀ ਤੇ ਵੱਡੇ ਲੋਕਾਂ ਦੇ ਕੁੱਤਿਆਂ ਨੂੰ ਸੱਤ ਸੱਤ ਤਰਾਂ ਦੇ ਭੋਜਨ ਪਰੋਸੇ ਜਾਂਦੇ ਹਨ। ਲੱਖਾਂ ਲੋਕਾਂ ਦੇ ਸਿਰ ਉੱਤੇ ਰਹਿਣ ਲਈ ਛੱਤ ਨਹੀਂ ਪਰ ਕਈ ਕੁੱਤਿਆਂ ਨੂੰ ਏਸੀ ਤੋਂ ਬਿਨਾਂ ਨੀਂਦ ਨਹੀਂ ਆਉਂਦੀ। ਵੱਡੇ ਘਰਾਂ ਦੇ ਕੁੱਤਿਆਂ ਬਾਰੇ ਗੱਲ ਛੇੜਨ ਦਾ ਹੌਂਸਲਾ ਤਾਂ ਨਹੀਂ ਪੈਂਦਾ ਪਰ ਅਸੀਂ ਆਈਏਐੱਸ ਅਫ਼ਸਰ ਦੇ ਅਜਿਹੇ ਪਾਲਤੂ ਕੁੱਤੇ ਦੀ ਗੱਲ ਕਰ ਰਹੇ ਹਾਂ ਜਿਹਨੂੰ ਘੁਮਾਉਣ ਲਈ ਸਟੇਡੀਅਮ ਖਾਲੀ ਕਰਾ ਲਿਆ ਜਾਂਦਾ ਰਿਹਾ। ਉਂਝ, ਆਈਏਐੱਸ ਅਫ਼ਸਰ ਨੂੰ ਕੁੱਤੇ ਨੂੰ ਸਟੇਡੀਅਮ ਵਿੱਚ ਘੁਮਾਉਣਾ ਮਹਿੰਗਾ ਪਿਆ ਅਤੇ ਸਰਕਾਰ ਨੇ ਉਹਦੀ ਬਦਲੀ ਲੱਦਾਖ ਦੀ ਕਰ ਦਿੱਤੀ ਹੈ।
ਸਿਤਮ ਦੀ ਗੱਲ ਇਹ ਹੈ ਕਿ ਦਿੱਲੀ ਦਾ ਤਿਆਗ ਰਾਏ ਸਟੇਡੀਅਮ ਵਿੱਚ ਖਿਡਾਰੀਆਂ ਅਤੇ ਅਥਲੀਟਜ਼ ਨੂੰ ਪ੍ਰੈਕਟਿਸ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਇਹ ਉਹ ਸਟੇਡੀਅਮ ਹੈ ਜਿੱਥੇ ਏਸ਼ੀਆਈ ਖੇਡਾਂ ਹੋ ਚੁੱਕੀਆਂ ਹਨ। ਕੁੱਤੇ ਦੇ ਮਾਲਕ ਆਈਏਐੱਸ ਅਫ਼ਸਰ ਸੰਜੀਵ ਖਿਰਵਾਰ ਉਹਨੂੰ ਸੈਰ ਕਰਾਉਣ ਲਈ ਸ਼ਾਮ 7:30 ਵਜੇ ਗੇੜੀ ਲਵਾਉਣ ਲਈ ਸਟੇਡੀਅਮ ਆਉਂਦੇ ਸਨ, ਇਸ ਲਈ ਸਟੇਡੀਅਮ ਐਥਲੀਟਜ਼ ਕੋਲੋਂ 6:30 ਵਜੇ ਖਾਲੀ ਕਰਾ ਲਿਆ ਜਾਂਦਾ ਰਿਹਾ। ਮੀਡੀਆ ਵਿੱਚ ਖਬਰਾਂ ਆਉਣ ਤੋਂ ਬਾਅਦ ਸੰਜੀਵ ਖਿਰਵਾਰ ਨੂੰ ਲੱਦਾਖ ਅਤੇ ਉਹਦੀ ਆਈਏਐੱਸ ਪਤਨੀ ਦੁਗਾ ਖਿਰਵਾਰ ਨੂੰ ਬਦਲੀ ਕਰਕੇ ਅਰੁਣਾਚਲ ਪ੍ਰਦੇਸ਼ ਪਹੁੰਚਾ ਦਿੱਤਾ ਗਿਆ।