India

ਰਸੋਈ ਗੈਸ ਹੋਰ ਹੋਈ ਮਹਿੰਗੀ, ਕਮਰਸ਼ੀਅਲ ਗੈਸ ਦੇ ਭਾਅ ‘ਚ ਵੀ ਹੋਇਆ ਵਾਧਾ

‘ਦ ਖ਼ਾਲਸ ਬਿਊਰੋ : ਦੇਸ਼ ਦੀ ਆਮ ਜਨਤਾ ‘ਤੇ ਇੱਕ ਵਾਰ ਫਿਰ ਤੋਂ ਮਹਿੰਗਾਈ ਦੀ ਮਾ ਰ ਪਈ ਹੈ। ਅੱਜ ਇੱਕ ਵਾਰ ਫਿਰ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਅਤੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਦੇਸ਼ ਵਿੱਚ ਘਰੇਲੂ ਗੈਸ ਸਿਲੰਡਰ 1000 ਰੁਪਏ ਨੂੰ ਪਹੁੰਚ ਗਿਆ ਹੈ । ਉੱਥੇ ਹੀ ਘਰੇਲੂ ਐਲਪੀਜੀ ਤੋਂ ਇਲਾਵਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਮਹਿੰਗਾ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 3 ਰੁਪਏ 50 ਪੈਸੇ ਦਾ ਵਾਧਾ ਕੀਤਾ ਗਿਆ ਹੈ।

ਜਿਸ ਤੋਂ ਬਾਅਦ ਦੇਸ਼ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ 1000 ਨੂੰ ਪਾਰ ਕਰ ਗਿਆ ਹੈ । ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਅੱਜ ਤੋਂ ਦਿੱਲੀ ਅਤੇ ਮੁੰਬਈ ਵਿੱਚ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 1003 ਰੁਪਏ, ਕੋਲਕਾਤਾ ਵਿੱਚ 1029 ਰੁਪਏ, ਚੇੱਨਈ ਵਿੱਚ 1018.5 ਰੁਪਏ ਹੋ ਗਈ ਹੈ।

ਇਸ ਤੋਂ ਇਲਾਵਾ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 8 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦਿੱਲੀ ‘ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2346 ਰੁਪਏ ਤੋਂ ਵਧ ਕੇ 2354 ਰੁਪਏ ਹੋ ਗਈ ਹੈ। ਦੇਸ਼ ਵਿੱਚ ਮਹਿੰਗਾਈ ਲਗਾਤਾਰ ਸਿਖਰਾਂ ‘ਤੇ ਜਾ ਰਹੀ ਹੈ । ਦੇਸ਼ ਦੀ ਜਨਤਾ ਇੱਕ ਵਾਰ ਫਿਰ ਮਹਿੰਗਾਈ ਦੀ ਮਾ ਰ ਹੇਠ ਆ ਗਈ ਹੈ। ਮਹਿੰਗਾਈ ਦੇ ਝਟਕਿਆਂ ਦਾ ਹੁਣ ਲੋਕਾਂ ਦੀ ਜੇਬ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ।