Punjab

ਆਪਣੀ ਜ਼ੁਬਾਨ ਕਰਕੇ ਮੁਸ਼ਕਿਲਾਂ ‘ਚ ਫਸੀ ਹਾਸਰਸ ਕਲਾਕਾਰ

ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਉੱਘੀ ਕਾਮੇਡੀਅਨ ਭਾਰਤੀ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਦਾੜੀ-ਮੁੱਛ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਭਾਰਤੀ ਸਿੰਘ ਖਿਲਾਫ਼ ਜਲੰਧਰ ਵਿੱਚ ਵੀ ਐੱਫਆਈਆਰ ਦਰਜ ਹੋ ਗਈ ਹੈ। ਪੁਲਿਸ ਨੇ ਰਾਤ 11:55 ਵਜੇ ਆਦਮਪੁਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਹੈ। ਇਹ ਕੇਸ ਰਵਿਦਾਸ ਟਾਈਗਰ ਫੋਰਸ ਦੇ ਮੁਖੀ ਜੱਸੀ ਤੱਲਣ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਕੋਲ ਭਾਰਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਭਾਰਤੀ ਸਿੰਘ ਨੂੰ ਸਿੱਖੀ ਸਰੂਪ ਦੇ ਖਿਲਾਫ ਕੀਤੀ ਟਿੱਪਣੀ ਨੂੰ ਲੈ ਕੇ ਗ੍ਰਿਫਤਾਰ ਕਰਨਾ ਚਾਹੀਦਾ ਹੈ।

ਭਾਰਤੀ ਸਿੰਘ ਦੇ ਦਾੜੀ ਮੁੱਛ ਨੂੰ ਲੈ ਕੇ ਦਿੱਤਾ ਬਿਆਨ ਜਿਵੇਂ ਹੀ ਵਾਇਰਲ ਹੋਇਆ, ਸਿੱਖ ਭਾਈਚਾਰੇ ਨੇ ਇਸਦਾ ਸਖਤ ਵਿਰੋਧ ਕਰਨਾ ਸ਼ੁਰੂ ਕੀਤਾ। ਕਈ ਸਿੱਖ ਬੀਬੀਆਂ, ਨੌਜਵਾਨਾਂ ਤੇ ਹੋਰਾਂ ਨੇ ਸੋਸ਼ਲ ਮੀਡੀਆ ਰਾਹੀਂ ਭਾਰਤੀ ਨੂੰ ਤਿੱਖੇ ਜਵਾਬ ਭੇਜੇ ਸਨ। ਸਿੱਖ ਇਤਿਹਾਸ ਬਾਰੇ ਦੱਸਿਆ ਕਿ ਦਾਹੜੀ ਤੇ ਮੁੱਛ ਸਿੱਖ ਲਈ ਕਿੰਨੇ ਅਹਿਮ ਹਨ।

ਸਿੱਖਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਅਣਸਰਦੇ ਨੂੰ ਭਾਰਤੀ ਸਿੰਘ ਨੇ ਕਿਸੇ ਵੀ ਧਰਮ ਜਾਂ ਫਿਰਕੇ ਦੇ ਲੋਕਾਂ ਦਾ ਨਾਂ ਲਏ ਬਿਨਾਂ ਗੋਲ ਮੋਲ ਜਿਹੀ ਮੁਆਫੀ ਮੰਗੀ। ਭਾਰਤੀ ਨੇ ਆਪਣੀ ਮੁਆਫ਼ੀ ਵਿੱਚ ਕਿਹਾ ਸੀ ਕਿ ਜੇ ਕਿਸੇ ਧਰਮ ਦੇ ਲੋਕ ਮੇਰੇ ਕਰਕੇ ਦੁਖੀ ਹੋਏ ਹਨ ਤਾਂ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦੀ ਹਾਂ, ਤੇ ਇਹ ਵੀ ਕਿਹਾ ਕਿ ਮੈਂ ਕਿਤੇ ਵੀ ਕਿਸੇ ਧਰਮ ਜਾਂ ਜਾਤੀ ਬਾਰੇ ਨਹੀਂ ਬੋਲਿਆ। ਯਾਨਿ ਕਿ ਮੈਂ ਤਾਂ ਗਲਤੀ ਨਹੀਂ ਕੀਤੀ ਪਰ ਜੇ ਕਿਸੇ ਨੂੰ ਮੇਰੀ ਗੱਲ ਗਲਤ ਲੱਗਦੀ ਹੈ ਤਾਂ ਮੈਂ ਮੁਆਫੀ ਸ਼ਬਦ ਬੋਲ ਦਿੰਦੀ ਹਾਂ।

ਉੱਧਰ ਪੰਜਾਬ ਵਿੱਚ ਬਿਜਲੀ ਦੀ ਲਗਾਤਾਰ ਵੱਧ ਰਹੀ ਮੰਗ ਦੇ ਵਿਚਕਾਰ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਵੀ ਮਿਲਣ ਨੂੰ ਮਿਲਿਆ ਹੈ। ਪੰਜਾਬ ਸਰਕਾਰ ਨੇ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਨ ਗਗਨਦੀਪ ਸਿੰਘ ਜਲਾਲਪੁਰ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਹੁਕਮ ਜਾਰੀ ਕੀਤੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਐਸੋਸੀਏਸ਼ਨ ਦੇ ਆਰਟੀਕਲਜ਼ 45, 46 (ਏ), (ਡੀ) ਅਤੇ 47 (ਏ) ਦੇ ਤਹਿਤ ਕੰਟਰੋਲਿੰਗ ਸ਼ੇਅਰ ਧਾਰਕ ਵਜੋਂ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੇ ਗਗਨਦੀਪ ਸਿੰਘ ਜਲਾਲਪੁਰ, ਡਾਇਰੈਕਟਰ ਪ੍ਰਬੰਧ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਹਟਾਉਣ ਲਈ ਪੱਤਰ ਜਾਰੀ ਕੀਤਾ ਹੈ। ਹਾਲਾਂਕਿ, ਇਸਦੇ ਪਿੱਛੇ ਕੀ ਕਾਰਨ ਹਨ, ਇਹ ਤਾਂ ਪੰਜਾਬ ਸਰਕਾਰ ਨੂੰ ਹੀ ਪਤਾ ਹੈ ਪਰ ਇਹ ਵੱਡੀ ਖ਼ਬਰ ਇਸ ਕਰਕੇ ਹੈ ਕਿਉਂਕਿ ਪੰਜਾਬ ਵਿੱਚ ਬਿਜਲੀ ਦਾ ਗਹਿਰਾ ਸੰਕਟ ਛਾਇਆ ਹੋਇਆ ਹੈ ਅਤੇ ਅਜਿਹੇ ਮੌਕੇ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਨ ਗਗਨਦੀਪ ਸਿੰਘ ਜਲਾਲਪੁਰ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ।