‘ਦ ਖ਼ਾਲਸ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ ਸਾਹਮਣੇ ਅੱਜ ਇੱਕ ਭਰਵਾਂ ਇਕੱਠ ਹੋਇਆ,ਜਿਸ ਵਿੱਚ ਕਈ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ ਤੇ ਇਕੱਠ ਨੂੰ ਸੰਬੋਧਨ ਕੀਤਾ । ਕਿਸਾਨ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਇਸ ਸਾਲ ਫ਼ਰਵਰੀ ਮਹੀਨੇ ਤੋਂ ਧਰਨਾ ਚੱਲ ਰਿਹਾ ਹੈ।ਇਹ ਧਰ ਨਾ ਉਹਨਾਂ ਲੇਖਕਾਂ ਦੇ ਖਿ ਲਾਫ਼ ਲਗਾਇਆ ਗਿਆ ਸੀ,ਜਿਹਨਾਂ ਬੱਚਿਆਂ ਨੂੰ ਪੜਾਈਆਂ ਜਾਣ ਵਾਲੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਸ਼ਹੀਦਾਂ ਤੇ ਸਿੱਖ ਗੁਰੂਆਂ ਬਾਰੇ ਗਲਤ ਛਾਪਿਆ ਹੈ ।
ਇਸ ਮੌਕੇ ਬੋਲਦਿਆਂ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਗਲਤ ਇਤਿਹਾਸ ਲਿਖਣ ਵਾਲੇ ਲੇਖਕਾਂ ਦੇ ਖਿਲਾਫ਼ ਐਫ਼ਆਈਆਰ ਕਰਵਾਉਣ ਲਈ 16 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ ਨੂੰ ਪੱਕੇ ਜਿੰਦਰੇ ਲਾਉਣ ਤੇ ਇੱਥੇ ਭਰਵਾਂ ਇਕੱਠ ਕਰਨ ਦਾ ਐਲਾਨ ਕੀਤਾ ਸੀ ਪਰ ਉਸ ਤੋਂ ਪਹਿਲਾਂ ਹੀ 14 ਮਈ ਨੂੰ ਐਫ਼ਆਈਆਰ ਦਰਜ ਤਾਂ ਹੋ ਗਈ ਸੀ ਪਰ ਉਸ ਵਿੱਚ ਕਈ ਖਾਮੀਆਂ ਸਨ,ਜਿਸ ਦੇ ਚੱਲਦਿਆਂ ਦਿੱਤੀ ਗਈ ਕਾਲ ਦੇ ਹਿਸਾਬ ਨਾਲ ਅੱਜ ਦਾ ਇਕੱਠ ਕੀਤਾ ਗਿਆ।
ਨੌਜਵਾਨ ਕਿਸਾਨ ਨੇਤਾ ਅਭਿਮੰਨਿਉ ਕੋਹਾੜ ਨੇ ਕਿਹਾ ਹੈ ਕਿ ਇਸ ਤਰਾਂ ਦੀਆਂ ਘਟਨਾਵਾਂ ਜਾਣ ਬੁਝ ਕੇ ਕਰਵਾਈਆਂ ਜਾਂਦੀਆਂ ਹਨ ਤੇ ਸਾਡੇ ਵਿਰਸੇ ਨੂੰ ਕਮਜ਼ੋਰ ਕਰਨ ਦੇ ਲਈ ਇਸ ਤਰਾਂ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਤੋਂ ਵਾਂਝੀਆਂ ਰਹਿ ਜਾਣ।ਇਹ ਕੁਝ ਲੋਕਾਂ ਦੀ ਚਾਲ ਹੁੰਦੀ ਹੈ ਕਿ ਜਦੋਂ ਉਹਨਾਂ ਕਿਸੇ ਕੌਮ ਨੂੰ ਕਮਜ਼ੋਰ ਕਰਨਾ ਹੈ ਤਾਂ ਇਸ ਤਰਾਂ ਨਾਲ ਉਹਨਾਂ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਵੇ।
ਸੱਤ ਫ਼ਰਵਰੀ ਨੂੰ ਸ਼ੁਰੂ ਹੋਏ ਇਸ ਮੋਰਚੇ ਨੇ ਕਿਤਾਬਾਂ ਵਿੱਚ ਗਲਤ ਇਤਿਹਾਸ ਪੜਾਉਣ ਦੇ ਮਸਲੇ ਨੂੰ ਹਰ ਇੱਕ ਦੀਆਂ ਨਜ਼ਰਾਂ ਵਿੱਚ ਲਿਆਂਦਾ ਸੀ।ਲੋਕ ਧਰਨੇ ਵਿੱਚ ਪਹੁੰਚਣ ਲੱਗੇ ਤੇ ਹਰ ਪਾਸਿਓਂ ਇਸ ਰੋਸ ਧਰਨੇ ਨੂੰ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ ਤੇ ਆਖਿਰਕਾਰ ਹੁਣ ਜਾ ਕੇ ਗਲਤ ਇਤਿਹਾਸ ਲਿਖਣ ਵਾਲੇ ਇਹਨਾਂ ਲੇਖਕਾਂ ਦੇ ਖਿਲਾਫ਼ ਸ਼ਿਕਾਇਤ ਦਰਜ ਹੋਈ ਹੈ,ਜਿਸ ਨੂੰ ਇਸ ਮੋਰਚੇ ਦੀ ਬਹੁਤ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ।