Punjab

“ਸੋਨੀਆ ਗਾਂਧੀ ਜੀ, ਪੰਜਾਬ ਨੂੰ ਬਖਸ਼ ਦਿਉ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਜਾਖੜ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਹੈ। ਜਾਖੜ ਨੇ ਕਾਂਗਰਸ ‘ਚ ਜਾਤੀ ਸਮੀਕਰਨਾਂ ਨੂੰ ਧਿਆਨ ‘ਚ ਰੱਖ ਕੇ ਕੀਤੀ ਜਾ ਰਹੀ ਸਿਆਸਤ ‘ਤੇ ਸਵਾਲ ਖੜ੍ਹੇ ਕਰਦਿਆਂ ਹਾਈਕਮਾਂਡ ‘ਤੇ ਨਿਸ਼ਾਨਾ ਕੱਸਿਆ। ਅੰਬਿਕਾ ਸੋਨੀ ਦਾ ਨਾਂ ਲੈਂਦਿਆਂ ਸੁਨੀਲ ਜਾਖੜ ਨੇ ਸੋਨੀਆ ਗਾਂਧੀ ਤੋਂ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅੰਬਿਕਾ ਸੋਨੀ ਨੇ ਪੰਜਾਬ, ਸਿੱਖੀ ਦੇ ਮੱਥੇ ਉੱਤੇ ਕਲੰਕ ਲਾਇਆ ਹੈ। ਜਾਖੜ ਨੇ ਕਿਹਾ ਕਿ ਪਾਰਟੀ ਨੂੰ ਦੁਸ਼ਮਨ ਅਤੇ ਦੋਸਤ ਦੀ ਪਹਿਚਾਣ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਬੇੜਾ ਗਰਕ ਦਿੱਲੀ ਵਿੱਚ ਬੈਠੇ ਉਨ੍ਹਾਂ ਨੇਤਾਵਾਂ ਨੇ ਕੀਤਾ ਹੈ ਜਿਨ੍ਹਾਂ ਨੂੰ ਪੰਜਾਬ, ਪੰਜਾਬੀਅਤ, ਸਿੱਖੀ ਦਾ ਬਿਲਕੁਲ ਪਤਾ ਨਹੀਂ ਹੈ। ਸੋਨੀਆ ਗਾਂਧੀ ਜੀ ਜਦੋਂ ਤੱਕ ਤੁਸੀਂ ਇਨ੍ਹਾਂ ਲੋਕਾਂ ਤੋਂ ਪਿੱਛਾ ਨਹੀਂ ਛੁਡਾਵੋਗੇ, ਉਦੋਂ ਤੱਕ ਤੁਸੀਂ ਕਾਂਗਰਸ ਦੇ ਪੰਜਾਬ ਵਿੱਚ ਪੈਰ ਨਹੀਂ ਟਿਕਾ ਸਕੋਗੇ।

ਜਾਖੜ ਨੇ ਕਿਹਾ ਕਿ ਮੈਨੂੰ ਤੁਸੀਂ ਇਸ ਤਰ੍ਹਾਂ ਦੇ ਵਿਅਕਤੀ ਤੋਂ ਨੋਟਿਸ ਦਿਵਾਇਆ ਕਿ ਮੈਂ ਤੁਹਾਡੀ ਸਲਾਹਕਾਰ ਖਿਲਾਫ਼ ਅਪਸ਼ਬਦ ਵਰਤੇ ਹਨ। ਇੰਦਰਾ ਗਾਂਧੀ ਦੀ ਚਹੇਤੀ ਸੀ। ਨਵਜੋਤ ਸਿੱਧੂ ਨੂੰ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਤਾਂ ਉਸ ਤੋਂ ਛੇ ਮਹੀਨਿਆਂ ਤੱਕ ਸਾਰੀ ਕਾਂਗਰਸ ਇਸੇ ਵਿੱਚ ਰੁੱਝੀ ਰਹੀ ਕਿ ਕਿਵੇਂ PPCC ਪ੍ਰਧਾਨ ਅਤੇ ਮੁੱਖ ਮੰਤਰੀ ਇਕੱਠੇ ਕੰਮ ਕਰਨ। ਕੀ ਪਾਰਟੀ ਦਾ ਕੋਈ ਸਟੈਂਡ ਹੈ। ਮੇਰੇ ਤੋਂ ਬਾਅਦ ਨਵਜੋਤ ਸਿੱਧੂ ਨੂੰ ਵੀ ਨੋਟਿਸ ਦਿੱਤਾ ਗਿਆ। ਪਰ ਸਿੱਧੂ ਨੂੰ ਨੋਟਿਸ ਕਿਉਂ ਦਿੱਤਾ ਗਿਆ ਕਿਉਂਕਿ ਉਹ ਆਪਣੀ ਸਰਕਾਰ ਦੇ ਖਿਲਾਫ਼ ਬੋਲਦੇ ਸਨ। ਇਹ ਜੋ ਕੁੱਝ ਵੀ ਹੋ ਰਿਹਾ ਹੈ, ਇਹ ਕੁੱਝ ਚਾਪਲੂਸ ਲੋਕਾਂ ਕਰਕੇ ਹੋ ਰਿਹਾ ਹੈ।

ਜਾਖੜ ਨੇ ਕਿਹਾ ਕਿ ਪਾਰਟੀ ਲਈ ਜਿੱਥੇ ਗੁਸਾ ਵੀ ਹੈ, ਉੱਥੇ ਚੀਸ ਵੀ ਹੈ। ਅੱਜ ਪਾਰਟੀ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ, ਉਸਨੂੰ ਵੇਖ ਕੇ ਤਰਸ ਵੀ ਆ ਰਿਹਾ ਹੈ। ਕਾਂਗਰਸੀ ਨੇਤਾਵਾਂ ਨੇ ਵੱਖ ਵੱਖ ਭਾਈਚਾਰਿਆਂ ਵਿੱਚ ਨਫ਼ਰਤ ਦਾ ਬੀਜ ਬੀਜਿਆ ਹੈ। ਜਾਖੜ ਨੇ ਕਿਹਾ ਕਿ ਸੋਨੀਆ ਗਾਂਧੀ ਜੀ, ਰਾਜਨੀਤੀ ਸਾਰੇ ਦੇਸ਼ ਵਿੱਚ ਕਰ ਲਉ ਪਰ ਪੰਜਾਬ ਨੂੰ ਬਖਸ਼ ਦਿਉ। ਸੁਨੀਲ ਜਾਖੜ ਨੇ ਆਪਣੇ ਫੇਸਬੁੱਕ ਪੇਜ਼ ਤੋਂ ਵੀ ਕਾਂਗਰਸ ਪਾਰਟੀ ਦਾ ਨਿਸ਼ਾਨ ਹਟਾ ਦਿੱਤਾ ਹੈ। ਜਾਖੜ ਨੇ ਪਾਰਟੀ ਛੱਡਣ ਮੌਕੇ ਕਾਂਗਰਸ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਆਖੀਰ ਵਿੱਚ ਜਾਖੜ ਨੇ ਕਿਹਾ ਕਿ “Good luck and goodbye Congress”.

ਕਾਂਗਰਸ ਨੇ ਹਾਲ ਹੀ ‘ਚ ਸੁਨੀਲ ਜਾਖੜ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਸੀ। ਪੰਜਾਬ ਕਾਂਗਰਸ ਨੇ ਉਨ੍ਹਾਂ ਨੂੰ ਦੋ ਸਾਲ ਲਈ ਪਾਰਟੀ ਤੋਂ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ ‘ਤੇ ਸੋਨੀਆ ਗਾਂਧੀ ਨੂੰ ਫੈਸਲਾ ਲੈਣਾ ਪਿਆ। ਸੁਨੀਲ ਜਾਖੜ ਨੇ ਇਸ ਤੋਂ ਪਹਿਲਾਂ 13 ਮਈ ਨੂੰ ਉਦੈਪੁਰ ‘ਚ ਪ੍ਰੈੱਸ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਲਈ ਫਲਾਈਟ ਦੀਆਂ ਟਿਕਟਾਂ ਵੀ ਬੁੱਕ ਕਰਵਾਈਆਂ ਗਈਆਂ ਸਨ ਪਰ ਬਾਅਦ ‘ਚ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਅੱਜ ਦੁਪਹਿਰ 12 ਵਜੇ ਫੇਸਬੁੱਕ ਲਾਈਵ ‘ਤੇ ਆਪਣੇ ਮਨ ਦੀ ਗੱਲ ਕਹੀ। ਕਾਂਗਰਸ ਨੇ ਸੁਨੀਲ ਜਾਖੜ ਨੂੰ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਬਾਰੇ ਬਿਆਨਬਾਜ਼ੀ ਕਰਨ ਲਈ ਨੋਟਿਸ ਭੇਜਿਆ ਸੀ। ਜਾਖੜ ਨੇ ਇਸ ਨੋਟਿਸ ਦਾ ਜਵਾਬ ਨਹੀਂ ਦਿੱਤਾ। ਜਾਖੜ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਨੋਟਿਸ ਭੇਜਣ ਤੋਂ ਪਹਿਲਾਂ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਸੀ। ਇਸੇ ਕਾਰਨ ਉਨ੍ਹਾਂ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਹ ਕਾਂਗਰਸ ਹਾਈਕਮਾਂਡ ਅੱਗੇ ਨਹੀਂ ਝੁਕਣਗੇ।

ਨਵਜੋਤ ਸਿੰਘ ਸਿੱਧੂ ਨੂੰ ਜਾਖੜ ਦੇ ਅਹੁਦੇ ਤੋਂ ਹਟਾ ਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਚੱਲ ਰਹੀ ਸੀ ਪਰ ਅੰਬਿਕਾ ਸੋਨੀ ਨੇ ‘ਸਿੱਖ ਸਟੇਟ ਸਿੱਖ ਸੀਐਮ’ ਦੀ ਦਲੀਲ ਦੇ ਕੇ ਜਾਖੜ ਦੀ ਉਮੀਦਵਾਰੀ ਨੂੰ ਵੀਟੋ ਕਰ ਦਿੱਤਾ। ਉਹ ਇਸ ਗੱਲ ਤੋਂ ਨਾਰਾਜ਼ ਹਨ ਕਿ ਕਾਂਗਰਸ ਨੇ ਪਹਿਲੀ ਵਾਰ ਪੰਜਾਬ ਵਿੱਚ ਹਿੰਦੂ-ਸਿੱਖ ਦੀ ਗੱਲ ਕੀਤੀ ਹੈ। ਉਹ ਪੰਜਾਬੀ ਹਿੰਦੂ ਹੈ ਅਤੇ ਪੰਜਾਬ ਵਿੱਚ ਕਦੇ ਵੀ ਅਜਿਹਾ ਵਿਤਕਰਾ ਨਹੀਂ ਹੋਇਆ। ਇਸ ਦੇ ਨਾਲ ਹੀ ਅੰਬਿਕਾ ਸੋਨੀ ਦੀ ਦਖਲਅੰਦਾਜ਼ੀ ਕਾਰਨ ਉਹ ਉਸ ਨਾਲ ਨਾਰਾਜ਼ ਹਨ।