‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪੰਜਵੀਂ ਕਲਾਸ ਦੇ ਨਤੀਜਿਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦੀ ਧੀ ਸੁਖਮਨ ਕੌਰ ਨੇ ਸੂਬੇ ਭਰ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਪਿੰਡ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸੁਖਮਨ ਕੌਰ ਮਾਨਸਾ ਜ਼ਿਲ੍ਹੇ ਦੇ ਸਿਲਵਰ ਵਾਟਿਕਾ ਕਾਨਵੈਂਟ ਸਕੂਲ ਵਿੱਚ ਪੜਦੀ ਹੈ ਅਤੇ ਉਸਨੇ 500 ਵਿੱਚੋਂ 500 ਨੰਬਰ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸੁਖਮਨ ਕੌਰ ਦੀ ਇਸ ਪ੍ਰਾਪਤੀ ਤੋਂ ਮਾਪਿਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸੁਖਮਨ ਕੌਰ ਨੇ ਵੱਡੇ ਹੋ ਕੇ ਅਧਿਆਪਕ ਬਣਨ ਦੀ ਇੱਛਾ ਜਤਾਈ ਹੈ। ਸੁਖਮਨ ਕੌਰ ਨੇ ਆਪਣੇ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਮਿਹਨਤ ਨੂੰ ਸਿਜਦਾ ਕੀਤਾ।
ਸੁਖਮਨ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਬੱਚੀ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਸਾਨੂੰ ਬੱਚਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਬੱਚੀ ਬਹੁਤ ਮਿਹਨਤ ਕਰਦੀ ਸੀ ਅਤੇ ਅਸੀਂ ਇਸਨੂੰ ਕਿਸੇ ਕੋਲ ਟਿਊਸ਼ਨ ਉੱਤੇ ਵੀ ਨਹੀਂ ਲਗਾਇਆ।
ਸੁਖਮਨ ਕੌਰ ਦੀ ਵੱਡੀ ਪ੍ਰਾਪਤੀ ਨਾਲ ਸਕੂਲ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਸਕੂਲ ਪ੍ਰਿੰਸੀਪਲ ਰਾਣੀ ਨੇ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਪਹਿਲਾਂ ਵੀ ਬਲਾਕ ਪੱਧਰ ਉੱਤੇ ਮੱਲਾਂ ਮਾਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਸਮੇਂ ਬੱਚੇ ਕੁਝ ਨਿਰਾਸ਼ ਹੋ ਗਏ ਸਨ, ਪਰ ਸੁਖਮਨ ਕੌਰ ਦੀ ਇਸ ਪ੍ਰਾਪਤੀ ਉੱਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਸੁਖਮਨ ਕੌਰ ਨੇ ਸਾਡੇ ਸਕੂਲ, ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੀਆਂ ਲੜਕੀਆਂ ਪਿਛਲੇ ਸਮੇਂ ਤੋਂ ਪੰਜਾਬ ਵਿੱਚੋਂ ਮੋਹਰੀ ਸਥਾਨ ਉੱਤੇ ਆ ਰਹੀਆਂ ਹਨ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਮਾਨਸਾ ਜਿਲੇ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਹੈ ਹੁਣ ਸਾਡੇ ਮਾਪਿਆਂ ਦਾ ਹੌਂਸਲਾ ਵਧਿਆ ਹੈ ਤੇ ਉਹ ਆਪਣੀਆਂ ਧੀਆਂ ਨੂੰ ਵਧ ਪੜ੍ਹਾਉਣ ਲਿਖਾਉਣ, ਜਿਸ ਨਾਲ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੀਆਂ।