Punjab

“ਭਗਵੰਤ ਮਾਨ ਸਿੱਖ ਧਰਮ ਦੇ ਇਤਿਹਾਸ ਨਾਲ ਜਾਣ ਬੁੱਝ ਕੇ ਕਰ ਰਹੇ ਨੇ ਛੇੜਛਾੜ ” – ਰਾਜਾ ਵੜਿੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 22 ਮਾਰਚ 2022 ਦੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੋਈ ਕਿਰਕਿਰੀ ਦਾ ਬਦਲਾ ਲੈਣ ਦਾ ਮੌਕਾ ਮਿਲ ਗਿਆ ਹੈ। ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਸਿੱਖ ਇਤਿਹਾਸ ਨਾਲ ਜਾਣ ਬੁੱਝ ਕੇ ਛੇੜ-ਛਾੜ ਕਰਨ ਦਾ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਨੂੰ ਜੋਤੀ ਜੋਤ ਸਮਾ ਗਏ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ 5.5.1723 ਵਿੱਚ ਹੋਇਆ, ਫੇਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛੱਕ ਲਿਆ ।

ਦਰਅਸਲ, ਭਗਵੰਤ ਸਿੰਘ ਮਾਨ ਨੇ ਕੱਲ੍ਹ ਪੀਏਯੂ ਲੁਧਿਆਣਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੱਸਾ ਸਿੰਘ ਰਾਮਗੜੀਆ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਣ ਵਾਲੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਫ਼ੌਜਾਂ ਨਾਲ ਸਹਿਯੋਗ ਕਰਨ ਵਾਲੇ, 100 ਘੋੜ ਸਵਾਰਾਂ ਦੀ ਕਮਾਨ ਸੰਭਾਲਣ ਵਾਲੇ, ਜ਼ਕਰੀਆ ਖਾਨ ਵੱਲੋਂ ਮਦਦ ਮੰਗੇ ਜਾਣ ਉੱਤੇ 100 ਦੇ 100 ਘੋੜ ਸਵਾਰਾਂ ਦੀ ਕਮਾਨ ਇਨ੍ਹਾਂ ਨੇ ਸੰਭਾਲੀ।

ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ 22 ਮਾਰਚ 2022 ਦੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਰਾਜਾ ਵੜਿੰਗ ਨਾਲ ਹੋਇਆ ਕੀ ਸੀ ? ਵਿਧਾਨ ਸਭਾ ਦੇ ਆਖਰੀ ਦਿਨ ਅਸੈਂਬਲੀ ਵਿੱਚ ਉਸ ਵੇਲੇ ਹਾਸਾ ਪੈ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਵਾਲ ‘ਤੇ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੂੰ ਜਵਾਬ ਨਾ ਅਹੁੜਿਆ ਅਤੇ ਉਹ ਛਿੱਥੇ ਪੈ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਪੁੱਛਿਆ ਸੀ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ ਤਾਂ ਰਾਜਾ ਵੜਿੰਗ ਇਹ ਨਹੀਂ ਦੱਸ ਸਕੇ। ਦਰਅਸਲ, 22 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਬਰਸੀ ਮੌਕੇ 23 ਮਾਰਚ ਨੂੰ ਪੰਜਾਬ ਭਰ ਵਿੱਚ ਛੁੱਟੀ ਦਾ ਐਲਾਨ ਕੀਤਾ ਸੀ।

ਰਾਜਾ ਵੜਿੰਗ ਨੇ ਭਗਵੰਤ ਮਾਨ ਦੇ ਇਸ ਐਲਾਨ ਦਾ ਵਿਰੋਧ ਕਰਦਿਆਂ ਛੁੱਟੀ ਨਾ ਕੀਤੇ ਜਾਣ ਦੀ ਗੱਲ ਕਰਦਿਆਂ ਇੱਕ ਸੁਝਾਅ ਪੇਸ਼ ਕੀਤਾ ਸੀ। ਰਾਜਾ ਵੜਿੰਗ ਨੇ ਸ਼ਹੀਦ ਭਗਤ ਸਿੰਘ ਦੀ ਬਰਸੀ ਮੌਕੇ ਛੁੱਟੀ ਕਰਨ ਦੀ ਬਜਾਏ ਸਕੂਲਾਂ, ਕਾਲਜਾਂ, ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਦੱਸਣ ਦਾ ਸੁਝਾਅ ਦਿੱਤਾ। ਮੁੱਖ ਮੰਤਰੀ ਨੇ ਜਵਾਬ ਦੇਣ ਤੋਂ ਪਹਿਲਾਂ ਰਾਜਾ ਵੜਿੰਗ ਕੋਲੋਂ ਭਗਤ ਸਿੰਘ ਦਾ ਜਨਮ ਦਿਨ ਪੁੱਛਿਆ ਤਾਂ ਰਾਜਾ ਵੜਿੰਗ ਨੂੰ ਉਸ ਸਮੇਂ ਇਸਦਾ ਕੋਈ ਜਵਾਬ ਨਹੀਂ ਅਹੁੜਿਆ। ਇਸ ਤੋਂ ਮਗਰੋਂ ਭਗਵੰਤ ਮਾਨ ਨੇ ਰਾਜਾ ਵੜਿੰਗ ਨੂੰ ਭਗਤ ਸਿੰਘ ਦੀ ਜਨਮ ਤਰੀਕ ਨਾ ਪਤਾ ਹੋਣ ਕਰਕੇ ਘੇਰਦਿਆਂ ਦੱਸਿਆ ਕਿ ਉਨ੍ਹਾਂ ਦਾ ਜਨਮ 28 ਸਤੰਬਰ ਨੂੰ ਹੁੰਦਾ ਹੈ। ਸੈਸ਼ਨ ਵਿੱਚ ਬੈਠੇ ਸਾਰੇ ਮੰਤਰੀ ਹੱਸਣ ਲੱਗ ਪਏ। ਉਸ ਸਮੇਂ ਰਾਜਾ ਵੜਿੰਗ ਕਾਂਗਰਸੀ ਵਿਧਾਇਕ ਸਨ।