‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਦੇਸ਼ ਭਰ ਦੇ ਪੂੰਜੀਪਤੀਆਂ ਖਿਲਾਫ਼ ਲੋਕਾਂ ਨੂੰ 12 ਅਤੇ 13 ਮਈ ਨੂੰ ਕੁਰੂਕਸ਼ੇਤਰ ਦੇ ਜਾਟ ਧਰਮਸ਼ਾਲਾ ਵਿੱਚ ਰੱਖੇ ਗਏ ਇੱਕ ਸੈਮੀਨਾਰ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ। ਇਹ ਸੈਮੀਨਾਰ 12 ਮਈ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ 13 ਮਈ ਨੂੰ ਸ਼ਾਮ ਚਾਰ ਵਜੇ ਤੱਕ ਚੱਲੇਗਾ। ਰਾਤ ਦੇ ਰਹਿਣ ਅਤੇ ਖਾਣੇ ਦਾ ਇੱਥੇ ਹੀ ਇੰਤਜ਼ਾਮ ਕੀਤਾ ਜਾਵੇਗਾ। ਚੜੂਨੀ ਨੇ ਇਸ ਸਬੰਧੀ ਇੱਕ ਨੰਬਰ ਜਾਰੀ ਕਰਨ ਦਾ ਵੀ ਦਾਅਵਾ ਕੀਤਾ ਹੈ ਕਿ ਜੋ ਲੋਕ ਇਸ ਸੈਮੀਨਾਰ ਵਿੱਚ ਆਉਣਾ ਚਾਹੁੰਦੇ ਹਨ, ਉਹ ਇਸ ਨੰਬਰ ਉੱਤੇ ਫੋਨ ਕਰਕੇ ਦੱਸ ਸਕਦੇ ਹਨ ਤਾਂ ਜੋ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇ।
ਚੜੂਨੀ ਨੇ ਕਿਹਾ ਕਿ ਦੁਨੀਆ ਵਿੱਚ ਆਰਥਿਕ ਅੱਤ ਵਾਦ ਚੱਲ ਰਿਹਾ ਹੈ। ਕੁੱਝ ਕੁ ਪੂੰਜੀਪਤੀ ਲੋਕ ਪੂਰੀ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਕਰਨਾ ਚਾਹੁੰਦੇ ਹਨ। ਹਾਲੇ ਕੁੱਝ ਸਮਾਂ ਪਹਿਲਾਂ ਹੀ ਖ਼ਬਰ ਸਾਹਮਣੇ ਆਈ ਸੀ ਕਿ 9 ਪੂੰਜੀਪਤੀਆਂ ਕੋਲ 50 ਕਰੋੜ ਲੋਕਾਂ ਦੇ ਬਰਾਬਰ ਸੰਪਤੀ ਹੈ। ਆਮ ਲੋਕਾਂ ਦੀ ਜ਼ਿੰਦਗੀ ਨਰਕ ਬਰਾਬਰ ਜਾਂ ਫਿਰ ਪਸ਼ੂਆਂ ਬਰਾਬਰ ਹੋ ਗਈ ਹੈ। ਸਾਰੇ ਵਰਗਾਂ ਦੇ ਲੋਕਾਂ ਦਾ ਰਹਿਣਾ ਦੁਰਭਰ ਹੋ ਗਿਆ ਹੈ।