Punjab

ਆਮ ਲੋਕਾਂ ਦੇ ਸੁਝਾਵਾਂ ‘ਤੇ ਤਿਆਰ ਹੋਵੇਗਾ ਪੰਜਾਬ ਦਾ ਬਜਟ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਬਜਟ 2022 ਨੂੰ ਤਿਆਰ ਕਰਨ ਦੀ ਪ੍ਰੀਕ੍ਰਿਆ ਵਿੱਚ ਸੂਬੇ ਦੀ ਆਮ ਜਨਤਾ ਤੋਂ ਸੁਝਾਅ ਮੰਗੇ ਜਾਣ ਦੇ ਫ਼ੈਸਲੇ ਦੀ ਆਮ ਆਦਮੀ ਪਾਰਟੀ ਪੰਜਾਬ ਨੇ ਸਵਾਗਤ ਕੀਤਾ ਹੈ। ‘ਕੰਗ ਨੇ ਕਿਹਾ ਕਿ 2022 ਦਾ ਸਰਕਾਰੀ ਬਜਟ ਸਹੀ ਮਾਇਨੇ ਵਿੱਚ ਆਮ ਜਨਤਾ ਦਾ ਬਜਟ ਹੋਵੇਗਾ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਮੁੱਖ ਮੰਤਰੀ ਦੇ ਕੁੱਝ ਕਰੀਬੀ ਆਗੂ, ਅਧਿਕਾਰੀ, ਉਦਯੋਗਪਤੀ ਬਜਟ ਤਿਆਰ ਕਰਦੇ ਸਨ, ਜਿਸ ਦਾ ਲਾਭ ਆਮ ਲੋਕਾਂ ਨੂੰ ਨਾ ਹੋ ਕੇ ਸਰਕਾਰ ਵਿੱਚ ਬੈਠੇ ਆਗੂਆਂ, ਉਦਯੋਗਪਤੀਆਂ ਅਤੇ ਕਾਰਪੋਰੇਟਰਾਂ  ਨੂੰ ਹੀ ਹੁੰਦਾ ਸੀ।  ਉਨ੍ਹਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਪੁਰਾਣੀ ਪ੍ਰੰਪਰਾਂ ਨੂੰ ਖ਼ਤਮ ਕਰਕੇ ਲੋਕਤੰਤਰ ਦੇ ਮੂਲ ਸਿਧਾਂਤਾ ਦਾ ਪਾਲਣ ਕਰਦਿਆਂ ਜਨਤਾ ਦਾ ਬਜਟ, ਜਨਤਾ ਵੱਲੋਂ ਹੀ ਤਿਆਰ ਕਰਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦਾ ਬਜਟ ਹੁਣ ਉਦਯੋਗਪਤੀ ਅਤੇ ਅਧਿਕਾਰੀ ਨਹੀਂ, ਸਗੋਂ ਆਮ ਜਨਤਾ ਤਿਆਰ ਕਰੇਗੀ।

ਕੰਗ ਨੇ ਇਹ ਵੀ ਕਿਹਾ ਕਿ 2022 ਦਾ ਪੰਜਾਬ ਬਜਟ ਹਰ ਵਰਗ ਨੂੰ ਲਾਭ ਪਹੁੰਚਾਉਣ ਵਾਲਾ ਬਜਟ ਹੋਵੇਗਾ। ਕਿਸਾਨਾਂ, ਮਜਦੂਰਾਂ, ਨੌਜਵਾਨਾਂ, ਔਰਤਾਂ,ਵਿਦਿਆਰਥੀਆਂ,  ਬਜੁਰਗਾਂ, ਕਾਰੋਬਾਰੀਆਂ ਅਤੇ ਵਪਾਰੀਆਂ ਸਾਰੇ ਵਰਗਾਂ ਤੋਂ ਮਿਲੇ ਸੁਝਾਵਾਂ ਨੂੰ ਬਜਟ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਇਨਾਂ ਸੁਝਾਵਾਂ ਅਨੁਸਾਰ ਹੀ ਬਜਟ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਜਟ ਪ੍ਰੀਕ੍ਰਿਆ ਵਿੱਚ ਆਮ ਲੋਕਾਂ ਦੇ ਸ਼ਾਮਲ ਹੋਣ ਨਾਲ ਸਰਕਾਰ ਤੱਕ ਸਿੱਧੇ ਤੌਰ ’ਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਪਹੁੰਚ ਸਕਣਗੇ, ਜਿਸ ਨਾਲ ਸਮੱਸਿਆਵਾਂ ਦਾ ਹੱਲ ਜਲਦੀ ਅਤੇ ਅਸਾਨੀ ਨਾਲ ਹੋ ਸਕੇਗਾ। ਆਮ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਕੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ, ਸੰਪਨ ਅਤੇ ਸਮਰਿੱਧ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਉਦੇਸ਼ ਹੈ ਅਤੇ ਇਹ ਉਦੇਸ਼ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਪੂਰਾ ਹੋ ਸਕਦਾ ਹੈ।