Punjab

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਕਾਲਕਾ ਨੂੰ ਕਰਾਰਾ ਜਵਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਕੁੱਝ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਸ਼ਬਦੀ ਤਕਰਾਰ ਚੱਲਦਾ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਸਲੇ ਉੱਤੇ ਬੋਲਦਿਆਂ ਕਿਹਾ ਕਿ ਦੋਵਾਂ ਵਿੱਚ ਕੋਈ ਤਕਰਾਰ ਨਹੀਂ ਹੈ। ਧਾਮੀ ਨੇ ਕਿਹਾ ਕਿ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ। ਜੇ ਮੈਂ ਦਿੱਲੀ ਜਾ ਕੇ ਕੋਈ ਧਰਮ ਪ੍ਰਚਾਰ ਦੀ ਗੱਲ ਕਰ ਦਿੱਤੀ ਹੈ ਤਾਂ ਕਾਲਕਾ ਨੂੰ ਵੀ ਚਾਹੀਦਾ ਹੈ ਕਿ ਉਸਦਾ ਸਮਰਥਨ ਕਰਨ। ਜੇ ਮੈਂ ਮੈਂਬਰ ਹਾਂ ਤਾਂ ਉੱਥੇ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ, ਮੈਂ ਉੱਥੇ ਲੜਨ ਤਾਂ ਨਹੀਂ ਗਿਆ ਸੀ। ਕਈ ਵਾਰ ਮਨੁੱਖ ਨੂੰ ਆਪਣੇ ਆਪ ਤੋਂ ਆਪ ਹੀ ਖ਼ਤਰਾ ਮਹਿਸੂਸ ਹੋਣ ਲੱਗ ਪੈਂਦਾ ਹੈ।

ਧਾਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਜਸੱਤਾ ਦਿੱਤੀ। ਅੱਜ ਉਹ ਵਫ਼ਾਦਾਰੀਆਂ ਬਦਲ ਕੇ ਕਹਿ ਰਹੇ ਹਨ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਹਾਂ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜੋ ਮਾਂ-ਪਾਰਟੀ ਹੁੰਦੀ ਹੈ, ਉਹ ਵੱਡੇ ਰੁਤਬੇ ਬਖਸ਼ਿਸ ਕਰਦੀ ਹੈ। ਉਨ੍ਹਾਂ ਨੇ ਇਕਦਮ ਸ਼੍ਰੋਮਣੀ ਅਕਾਲੀ ਦਲ ਪੰਜਾਬ ਨਾਲੋਂ ਨਾਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਬਣਾ ਲਈ। ਧਾਮੀ ਨੇ ਕਿਹਾ ਕਿ ਸਮਝ ਤਾਂ ਆਉਂਦੀ ਹੈ ਪਰ ਕੁੱਝ ਗੱਲਾਂ ਕਰਨ ਦੀ ਉਹ ਲੋੜ ਨਹੀਂ ਮਹਿਸੂਸ ਕਰਦੇ।