‘ਦ ਖਾਲਸ ਬਿਊਰੋ:- ਵਿਵਾਦਿਤ ਟਿਕਟੌਕ ਵੀਡੀਓ ਤੋਂ ਬਾਅਦ ਅੱਜ ਪੰਜਾਬੀ ਗਾਇਕ ਪ੍ਰੀਤ ਹਰਪਾਲ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਆਫੀਨਾਮਾ ਲੈ ਕੇ ਪਹੁੰਚ ਗਿਆ ਤੇ ਗਲਤੀ ਦੀ ਮੰਗੀ ਮੁਆਫੀ ਲਈ ਹੈ। ਪ੍ਰੀਤ ਹਰਪਾਲ ਵੱਲੋਂ 25 ਜੂਨ ਨੂੰ ਇੱਕ ਵਿਵਾਦਿਤ ਟਿਕਟੌਕ ਵੀਡੀਓ ਬਣਾਈ ਗਈ ਸੀ, ਜਿਸ ਵਿੱਚ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕੀਤਾ ਗਿਆ ਸੀ। ਪ੍ਰੀਤ ਹਰਪਾਲ ਦਾ ਕਹਿਣੈ ਕਿ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਸਜਾ ਲਗਾਈ ਜਾਵੇਗੀ ਉਹ ਸਿਰ ਮੱਥੇ ਹੋਵੇਗੀ।
ਵਿਵਾਦਿਤ ਵੀਡੀਓ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਸਨ। ਸਿੱਖ ਜਥੇਬੰਦੀਆਂ ਵੱਲੋਂ ਵੀ ਉਕਤ ਗਾਇਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਹਾਲਾਂਕਿ ਪ੍ਰੀਤ ਹਰਪਾਲ ਨੇ ਵਿਵਾਦਿਤ ਟਿਕਟੌਕ ਵੀਡੀਓ ਨੂੰ ਇੱਕ ਘੰਟੇ ਬਾਅਦ ਡਲੀਟ ਕਰ ਦਿੱਤਾ ਸੀ ਪਰ ਇਹ ਵੀਡੀਉ 1 ਘੰਟੇ ਵਿੱਚ ਹੀ ਦੁਨਆ ਭਰ ਵਿੱਚ ਵਾਇਰਲ ਹੋ ਗਈ ਸੀ, ਅਤੇ ਉਕਤ ਗਾਇਕ ਦੀ ਭੰਡੀ ਹੋਣ ਲੱਗੀ ਸੀ। ਪਰ ਸਮਾਂ ਰਹਿੰਦਿਆਂ ਪ੍ਰੀਤ ਹਰਪਾਲ ਨੇ ਲੋਕਾਂ ਤੋਂ ਮੁਆਫੀ ਮੰਗ ਲਈ ਸੀ।
ਫਿਲਹਾਲ ਮੁਆਫੀਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗਾਇਕ ਨੇ ਪਹੁੰਚਾ ਦਿੱਤਾ ਹੈ, ਅਗਲੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਕੀ ਸਿੰਘ ਸਾਹਿਬਾਨਾਂ ਨਾਲ ਵਿਚਾਰ ਤੋਂ ਬਾਅਦ ਤੈਅ ਕਰਨਗੇ।