‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਬਜਟ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਅਸੀਂ ਬਜਟ ਪ੍ਰਤੀ ਪੰਜਾਬ ਦੇ ਲੋਕਾਂ ਦੇ ਵਿਚਾਰ ਜਾਣਨ ਦੇ ਲਈ ਇਸ ਬਜਟ ਦਾ ਨਾਂ ਜਨਤਾ ਦਾ ਬਜਟ ਰੱਖਿਆ ਹੈ। ਇਸਦੇ ਲਈ ਵਿੱਤ ਵਿਭਾਗ ਨੇ ਜਨਤਾ ਬਜਟ ਵੈੱਬਸਾਈਟ https;//finance.punjab.government.in/home ਲਾਂਚ ਕੀਤੀ ਹੈ। ਇਸ ਵਿੱਚ ਪੰਜਾਬ ਦੇ ਸਾਰੇ ਵਰਗ ਹਿੱਸਾ ਲੈ ਸਕਦੇ ਹਨ। ਇਸਦੇ ਲਈ ਅਸੀਂ ਛੇ ਪੁਆਇੰਟ ਬਣਾਏ ਹਨ ਜਿਸ ਵਿੱਚ
• ਕਾਰੋਬਾਰੀ ਭਾਈਚਾਰੇ ਨੂੰ ਉਨ੍ਹਾਂ ਦਾ ਕਾਰੋਬਾਰ ਵਧਾਉਣ ਵਿੱਚ ਸਹਿਯੋਗ ਦੇਣਾ
• ਪੰਜਾਬ ਵਿੱਚ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਲਿਆਉਣਾ
• ਕਿਸਾਨਾਂ ਦੀ ਸ਼ੁੱਧ ਆਮਦਨ ਵਿੱਚ ਵਾਧਾ ਕਰਨਾ
• ਪੰਜਾਬ ਵਿੱਚ ਨਵੀਆਂ ਨੌਕਰੀਆਂ ਪੈਦਾ ਕਰਨਾ
• ਸਿਹਤ ਸੰਭਾਲ ਅਤੇ ਸਿੱਖਿਆ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣਾ
• ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ
ਸ਼ਾਮਿਲ ਹਨ। ਇਨ੍ਹਾਂ ਸਾਰੇ ਪੁਆਇੰਟਾਂ ਨੂੰ ਇਸ ਵੈੱਬਸਾਈਟ ਉੱਤੇ ਲਿਖਿਆ ਗਿਆ ਹੈ। ਚੀਮਾ ਨੇ ਪੰਜਾਬ ਦੇ ਲੋਕਾਂ ਤੋਂ 10 ਮਈ ਨੂੰ ਸ਼ਾਮ ਪੰਜ ਵਜੇ ਤੱਕ ਉਨ੍ਹਾਂ ਦੇ ਸੁਝਾਅ ਇਸ ਸਾਈਟ ਜਾਂ ਫਿਰ ਵਿਭਾਗ ਦੇ ਪਤੇ ਉੱਤੇ ਲਿਖਤੀ ਤੌਰ ਉੱਤੇ ਭੇਜਣ ਲਈ ਕਿਹਾ ਹੈ। ਵਿਭਾਗ ਦਾ ਪਤਾ ਕਮਰਾ ਨੰਬਰ 15, ਤੀਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ, ਸੈਕਟਰ 1 ਚੰਡੀਗੜ੍ਹ ਹੈ। ਚੀਮਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਲਗਭਗ 15 ਸਥਾਨਾਂ ਉੱਤੇ ਵਿੱਤ ਵਿਭਾਗ ਦੀ ਸਮੁੱਚੀ ਟੀਮ, ਸਾਰੇ ਅਫ਼ਸਰ ਆਮ ਜਾਂ ਖ਼ਾਸ ਲੋਕਾਂ ਕੋਲ ਜਾ ਕੇ ਬਜਟ ਸਬੰਧੀ ਲੋਕਾਂ ਦੇ ਸੁਝਾਅ ਲੈਣਗੇ।