‘ਦ ਖਾਲਸ ਬਿਊਰੋ:- ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਆਲੇ-ਦੁਆਲੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਜਿਹਨਾਂ ਨੇ ਘਰਾਂ ‘ਚ ਪਾਲਤੂ ਕੁੱਤੇ ਅਤੇ ਬਿੱਲੀਆਂ ਆਦਿ ਤੋਂ ਇਲਾਵਾਂ ਹੋਰ ਵੀ ਕੋਈ ਜਾਨਵਰ ਰੱਖੇ ਹੋਏ ਹਨ ਜਾਂ ਜਾਨਵਰ ਨੂੰ ਪਾਲਣ ਦੇ ਸ਼ੌਕੀਨ ਹਨ। ਉਹਨਾਂ ਲੋਕਾਂ ਨੂੰ ਜਾਨਵਰਾਂ ਦਾ ਮੁੱਲ ਤਾਰਨਾ ਹੋਵੇਗਾ ਅਤੇ ਜਾਨਵਰਾਂ ਦੀ ਰਜਿਸਟਰੇਸ਼ਨ ਕਰਵਾਉਣੀ ਵੀ ਲਾਜ਼ਮੀ ਹੋਵੇਗੀ। ਰਜਿਸਟਰੇਸ਼ਨ ਕਰਵਾਉਣ ਦੀ ਫੀਸ 400 ਰੁਪਏ ਹੈ ਜੋ ਹਰ ਸਾਲ ਭਰਵਾਉਣੀ ਪਵੇਗੀ ਅਤੇ ਰਜਿਸਟਰੇਸ਼ਨ ਕਰਵਾਉਣ ਆਖਰੀ ਤਾਰੀਕ 31 ਦਸੰਬਰ ਤੱਕ ਹੈ। ਰਜਿਸਟਰੇਸ਼ਨ ਕਰਵਾਉਣ ਦਾ ਇਹ ਫੈਸਲਾ ਲੁਧਿਆਣਾ ਦੀ ਨਗਰ ਨਿਗਮ ਨੇ ਲਿਆ ਹੈ।
ਨਗਰ ਨਿਗਮ ਨੇ ਦਾਅਵਾ ਕੀਤਾ ਹੈ ਕਿ, ਰਜਿਸਟਰੇਸ਼ਨ ਫੀਸ ਤੋਂ ਇੱਕਠਾ ਹੋਣ ਵਾਲਾ ਫੰਡ ਸੜਕਾਂ ‘ਤੇ ਘੁੰਮਦੇ ਆਵਾਰਾ ਪਸ਼ੂਆ ‘ਤੇ ਖਰਚ ਜਾਵੇਗਾ। ਇਸ ਦੇ ਨਾਲ ਹੀ ਨਗਰ ਨਿਗਮ ਵੱਲੋਂ ਗਲਤੀ ਕਰਨ ਵਾਲਿਆਂ ਨੂੰ ਤਾੜਨਾਂ ਵੀ ਕੀਤੀ ਗਈ ਹੈ। ਜੇਕਰ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਵੀ ਭੁਗਤਣਾ ਪਵੇਗਾ। ਜੇਕਰ ਪਾਲਤੂ ਜਾਨਵਰ ਨੂੰ ਨਗਰ ਨਿਗਮ ਨੇ ਬਾਹਰ ਘੁੰਮਦਾ ਫੜਿਆ ਗਿਆ ਤਾਂ ਮਾਲਕ ਨੂੰ 100 ਰੁਪਏ ਪ੍ਰਤੀ ਜੁਰਮਾਨਾਂ ਹੋਵੇਗਾ।
ਨਗਰ ਨਿਗਮ ਦੇ ਅਧਿਆਕਾਰੀਆਂ ਵੱਲੋਂ ਆਨਲਾਈਨ ਵੈਬ ਪੋਰਟਲ ਸ਼ੁਰੂ ਕੀਤੀ ਜਾ ਚੁੱਕੀ ਹੈ। ਫਿਲਹਾਲ ਰਜਿਸਟਰੇਸ਼ਨ ਸਿਰਫ ਬਿੱਲੀ ਅਤੇ ਕੁੱਤੇ ਦੀ ਹੀ ਕੀਤੀ ਜਾ ਰਹੀ ਹੈ।
ਰਜਿਸਟਰੇਸ਼ਨ ਫਾਰਮ ਦੇ ਨਾਲ ਵਿਅਕਤੀ ਆਪਣਾ ਅਧਾਰ ਕਾਰਡ ਨੰਬਰ, ਨਾਮ, ਪਤਾ, ਮੋਬਾਇਲ ਨੰਬਰ, ਈ-ਮੇਲ ਆਈਡੀ, ਅਤੇ ਇੱਕ ਫੋਟੋ ਅੱਪਲੋਡ ਕਰਨੀ ਹੋਵੇਗੀ। ਇਸ ਦੇ ਨਾਲ ਹੀ ਮਾਲਕ ਨੂੰ ਜਾਨਵਰ ਦਾ ਨਾਂ, ਉਮਰ ਨਸਲ, ਲਿੰਗ ਅਤੇ ਕਿਹੜੇ ਡਾਕਟਰ ਤੋਂ ਟੀਕਾਕਰਣ ਕਰਵਾਇਆ ਹੈ ਇਹ ਸਾਰੀ ਜਾਣਕਾਰੀ ਦੇਣੀ ਲਾਜ਼ਮੀ ਹੈ।ਕਾਰਵਾਈ ਪੂਰੀ ਹੋਣ ਤੋਂ ਬਾਅਦ ਮਾਲਕ ਨੂੰ ਜਾਨਵਾਰ ਦਾ ਇੱਕ ਟੋਕਨ ਦਿੱਤਾ ਜਾਵੇਗਾ ਜੋ ਜਾਨਵਰ ਦੇ ਗਲੇ ਵਿੱਚ ਪਾਉਣਾ ਲਾਜ਼ਮੀ ਹੋਵੇਗਾ।