‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਜ਼ਦੂਰ ਦਿਵਸ ਵਾਲੇ ਦਿਨ ਚੰਡੀਗੜ੍ਹ ਪ੍ਰਸ਼ਾਸਨ ਨੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਤਬਕੇ ਦੀਆਂ ਅੱਖਾਂ ਵਿੱਚ ਪਾਣੀ ਭਰ ਦਿੱਤਾ ਹੈ, ਉਨ੍ਹਾਂ ਦੀਆਂ ਫਿਕਰਾਂ ਦੀ ਲਕੀਰਾਂ ਨੂੰ ਹੋਰ ਗੂੜਾ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਏਲਾਂਟੇ ਮਾਲ ਕੋਲ ਪੈਂਦੀ ਕਾਲੋਨੀ ਨੰਬਰ 4 ਵਿੱਚ ਮਜ਼ਦੂਰਾਂ ਦੀ ਕਾਲੋਨੀ ਨੂੰ ਉਜਾੜ ਕੇ ਰੱਖ ਦਿੱਤਾ ਹੈ। ਪ੍ਰਸ਼ਾਸਨ ਨੇ ਕਾਲੋਨੀ ਨੰਬਰ ਚਾਰ ਵਿੱਚ ਬੁਲਡੋਜ਼ਰ ਦੇ ਨਾਲ ਮਕਾਨ ਢਾਹ ਦਿੱਤੇ ਹਨ। ਇਸਦੇ ਨਾਲ ਹੀ 500 ਮੀਟਰ ਦੇ ਦਾਇਰੇ ਅੰਦਰ ਧਾਰਾ 144 ਵੀ ਲਾਗੂ ਕਰ ਦਿੱਤੀ ਹੈ। ਇਸ ਕਾਲੋਨੀ ਦੇ ਬਾਹਰ ਦੋ ਹਜ਼ਾਰ ਤੋਂ ਵੀ ਜ਼ਿਆਦਾ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਉੱਤੇ ਸਵਾਲ ਚੁੱਕੇ ਹਨ। ਇਹ ਕਾਲੋਨੀ ਕਰੀਬ 40 ਸਾਲ ਪੁਰਾਣੀ ਹੈ। ਇਸ ਕਾਲੋਨੀ ਵਿੱਚ ਦਿਹਾੜੀ ਮਜ਼ਦੂਰੀ ਕਰਨ ਵਾਲਾ ਤਬਕਾ ਰਹਿੰਦਾ ਸੀ ਪਰ ਅੱਜ ਉਨ੍ਹਾਂ ਦੇ ਮਕਾਨ ਢਾਹ ਦਿੱਤੇ ਗਏ ਹਨ ਅਤੇ ਲੋਕ ਆਪਣਾ ਸਮਾਨ ਇਕੱਠਾ ਕਰਕੇ ਸੜਕ ਉੱਤੇ ਬੈਠੇ ਹੋਏ ਹਨ। ਇਸ ਕਾਲੋਨੀ ਵਿੱਚ ਕਰੀਬ 1500 ਤੋਂ ਦੋ ਹਜ਼ਾਰ ਦੇ ਕਰੀਬ ਪਰਿਵਾਰ ਰਹਿੰਦੇ ਸਨ। ਹਾਲਾਂਕਿ, ਪ੍ਰਸ਼ਾਸਨ ਨੇ ਇਨ੍ਹਾਂ ਨੂੰ ਚੰਡੀਗੜ੍ਹ ਵਿੱਚ ਫਲੈਟ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਹੈ ਪਰ ਜਾਣਕਾਰੀ ਮੁਤਾਬਕ 1500 ਮਕਾਨ ਢਾਹ ਕੇ ਸਿਰਫ਼ 500 ਪਰਿਵਾਰਾਂ ਨੂੰ ਹੀ ਫਲੈਟ ਦੇਣ ਦਾ ਦਾਅਵਾ ਕੀਤਾ ਗਿਆ ਹੈ। ਹਜ਼ਾਰਾਂ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੇ ਮਕਾਨ ਵੀ ਢਾਹ ਦਿੱਤੇ ਪਰ ਉਨ੍ਹਾਂ ਨੂੰ ਕੋਈ ਹੋਰ ਰਿਹਾਇਸ਼ ਵੀ ਨਹੀਂ ਦਿੱਤੀ ਗਈ।
ਸਥਾਨਕ ਲੋਕਾਂ ਮੁਤਾਬਕ ਜਿਨ੍ਹਾਂ ਦੇ ਵੀ ਮਕਾਨ ਢਾਹੇ ਗਏ ਹਨ, ਉਨ੍ਹਾਂ ਵਿੱਚੋਂ ਹਾਲੇ ਤੱਕ ਕਿਸੇ ਨੂੰ ਵੀ ਕੋਈ ਫਲੈਟ ਨਹੀਂ ਮਿਲਿਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਸਾਡਾ ਸਾਰਾ ਰਿਕਾਰਡ ਕਲੀਅਰ ਸੀ ਪਰ ਸਾਡੀ ਹੁਣ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਵੀ ਸਮਾਂ ਨਹੀਂ ਦਿੱਤਾ ਗਿਆ, ਬਲਕਿ ਸਿੱਧਾ ਆ ਕੇ ਇਹ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਇਸ ਜ਼ਮੀਨ ਨੂੰ ਜੰਗਲੀ ਜ਼ਮੀਨ ਕਿਹਾ ਜਾ ਰਿਹਾ ਹੈ ਅਤੇ ਇਸ ਜ਼ਮੀਨ ਉੱਤੇ ਇਨ੍ਹਾਂ ਲੋਕਾਂ ਦਾ ਨਾਜਾਇਜ਼ ਕਬਜ਼ਾ ਕਰਾਰ ਦੇ ਦਿੱਤਾ ਹੈ।