‘ਦ ਖਾਲਸ ਬਿਊਰੋ:-ਭਾਰਤ ‘ਚ ਦਿਨੋ ਦਿਨ ਵੱਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਭਾਰਤੀ ਲੋਕਾਂ ਦੀ ਜੇਬਾ ‘ਤੇ ਬੇਹੱਦ ਪ੍ਰਭਾਵ ਪਾ ਰਹੀਆ ਹਨ। ਦੇਸ਼ ਤਾਂ ਪਹਿਲਾਂ ਹੀ ਆਰਥਿਕ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਉਥੇ ਹੀ ਅੱਜ ਫੇਰ 25 ਜੂਨ ਨੂੰ ਜਦੋ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਡੀਜ਼ਲ ਦੀਆਂ ਕੀਮਤਾਂ ‘ਚ 14 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਤਾਂ ਰਾਜਧਾਨੀ ਦਿੱਲੀ ‘ਚ ਚਾਰੇ ਪਾਸੇ ਤਰਥੱਲੀ ਮਚ ਗਈ। ਅੱਜ ਲਗਾਤਾਰ ਡੀਜ਼ਲ ਦੀਆਂ ਕੀਮਤਾਂ ‘ਚ 19 ਵੇਂ ਦਿਨ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ 19 ਦਿਨਾਂ ਵਿਚ ਡੀਜ਼ਲ 10.63 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਇਸੇ ਤਰ੍ਹਾਂ ਪੈਟਰੋਲ ਦੀ ਕੀਮਤ ਵਿਚ 16 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ।
ਹਾਲਾਂਕਿ 24 ਜੂਨ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ ਸੀ। ਪਰ ਇਸ ਤਰ੍ਹਾਂ ਤਿੰਨ ਹਫਤਿਆਂ ਤੋਂ ਵੀ ਘੱਟ ਸਮੇਂ ਵਿਚ ਪੈਟਰੋਲ 8.66 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਦੀ ਕੀਮਤ ਬਾਰੇ ਨੋਟੀਫਿਕੇਸ਼ਨ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 79.76 ਰੁਪਏ ਤੋਂ ਵਧ ਕੇ 79.92 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 79.88 ਰੁਪਏ ਤੋਂ ਵਧਾ ਕੇ 80.02 ਰੁਪਏ ਪ੍ਰਤੀ ਲਿਟਰ ਕੀਤੀ ਗਈ ਹੈ।