Punjab

ਕਿਉਂ ਖਤਰੇ ‘ਚ ਹੈ ਇਸ ਡਰੇਨ ਦੇ ਨੇੜੇ ਰਹਿ ਰਹੇ ਲੋਕਾਂ ਦੀ ਜ਼ਿੰਦਗੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿਕਾਸ ਮੰਚ ਨੇ ਅੰਮ੍ਰਿਤਸਰ ਵਿੱਚ ਵਿਸ਼ਵ ਧਰਤੀ ਦਿਵਸ ਨੂੰ”ਜਾਗਣ ਦਾ ਵੇਲਾ” ਮੁਹਿੰਮ ਸ਼ੁਰੂ ਕਰ ਕੇ ਸ਼ਹਿਰ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਡਰੇਨ ਤੁੰਗ ਢਾਬ ਡਰੇਨ ਕੰਢੇ ਸਥਿਤ ਸਤਿਅਮ ਕਾਲਜ ਦੇ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ। ਮੰਚ ਵੱਲੋਂ ਡਰੇਨ ਤੋਂ ਪੈਦਾ ਹੋ ਰਹੀਆਂ ਮਨੁੱਖ-ਮਾਰੂ ਜ਼ਹਿਰੀ ਗੈਸਾਂ ਅਤੇ ਇਸ ਡਰੇਨ ਕਾਰਨ ਪ੍ਰਦੂਸ਼ਿਤ ਹੋ ਰਹੇ ਧਰਤੀ ਹੇਠਲੇ ਪਾਣੀ ਬਾਰੇ ਜਾਗਰੂਕਤਾ ਪੈਦਾ ਕੀਤੀ। ਇਸ ਮੁਹਿੰਮ ਵਿੱਚ ਸ਼ਹਿਰ, ਸਵਿਸ ਸਿਟੀ, ਰੌਇਲ ਅਸਟੇਟ, ਗੁਰੂ ਅਮਰਦਾਸ ਐਵਿਨਿਊ, ਰਣਜੀਤ ਐਵਿਨਿਊ ਅਬਾਦੀਆਂ ਦੇ ਵਾਸੀ ਅਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਵਾਤਾਵਰਨ ਕਮੇਟੀ ਦੇ ਮੈਂਬਰ ਵੀ ਸ਼ਾਮਿਲ ਹੋਏ। ਮਸਲੇ ਦੇ ਹੱਲ ਤੋਂ ਅਣਜਾਣ ਵਿਚਰ ਰਹੇ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਵੱਲੋਂ ਪ੍ਰਭਾਵਸ਼ਾਲੀ ਮੋਮਬੱਤੀ ਮਾਰਚ ਵੀ ਕੀਤਾ ਗਿਆ।

ਇਹ ਤੁੰਗ ਢਾਬ ਡਰੇਨ ਹੜ੍ਹਾਂ ਤੋਂ ਰਾਹਤ ਦੇਣ ਵਾਲਾ ਬਰਸਾਤੀ ਨਾਲਾ ਹੈ, ਜੋ ਬਟਾਲਾ ਨਜ਼ਦੀਕ ਪਿੰਡ ਤਲਵੰਡੀ ਭਾਰਥ ਤੋਂ ਸ਼ੁਰੂ ਹੁੰਦਾ ਹੈ। ਪਰ ਜਦੋਂ ਇਹ ਵੇਰਕਾ ਨਜ਼ਦੀਕ ਪਿੰਡ ਪੰਡੋਰੀ ਵੜੈਚ ਲਾਗਿਓਂ ਲੰਘਦਾ ਹੈ ਤਾਂ ਉਦਯੋਗਾਂ ਦੇ ਰਸਾਇਣ-ਯੁਕਤ ਜ਼ਹਿਰੀ ਪਾਣੀ ਕਾਰਨ ਇਹ ਬਹੁਤ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਦੇ ਬਦਬੂਦਾਰ ਪਾਣੀ ਵਿੱਚੋਂ ਈਥੇਨ, ਮੀਥੇਨ, ਹਾਈਡ੍ਰੋਜਨ ਸਲਫਾਈਡ ਆਦਿ ਮਨੁੱਖੀ ਜੀਵਨ ਲਈ ਮਾਰੂ ਪ੍ਰਭਾਵ ਛੱਡਦੀਆਂ ਰਸਾਇਣਕ ਗੈਸਾਂ ਪੈਦਾ ਹੁੰਦੀਆਂ ਹਨ।

ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਵਾਤਾਵਰਨ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਤੁੰਗ ਢਾਬ ਡਰੇਨ ਦੇ ਪ੍ਰਦੂਸ਼ਿਤ ਜ਼ਹਿਰੀ ਪਾਣੀ ਤੋਂ ਵੱਡੀ ਮਾਤਰਾ ਵਿੱਚ ਹੋ ਰਹੇ ਹਵਾ, ਧਰਤੀ ਹੇਠਲੇ ਪਾਣੀ ਅਤੇ ਜ਼ਮੀਨ ਦਾ ਪ੍ਰਦੂਸ਼ਣ, ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ,ਸਵੱਛ ਭਾਰਤ ਅਭਿਆਨ ਮਿਸ਼ਨ, ਤੰਦਰੁਸਤ ਪੰਜਾਬ ਮਿਸ਼ਨ ਨੂੰ ਪੂਰੀ ਤਰ੍ਹਾਂ ਨਿਕਾਰ ਰਿਹਾ ਹੈ। ਨਾਸੂਰ ਬਣ ਚੁੱਕੀ ਇਸ ਸਮੱਸਿਆ ਦੇ ਪ੍ਰਭਾਵਸ਼ਾਲੀ ਹੱਲ ਲਈ ਰਾਜਨੀਤਕਾਂ ਅਤੇ ਅਫ਼ਸਰਸ਼ਾਹੀ ਨੂੰ ਵਾਤਾਨੁਕੂਲ ਦਫ਼ਤਰਾਂ ਵਿੱਚੋਂ ਬਾਹਰ ਆ ਕੇ ਪੂਰੀ ਸ਼ਿੱਦਤ ਨਾਲ ਪਹਿਲ ਦੇ ਆਧਾਰ ਉੱਤੇ ਕਾਰਜਸ਼ੀਲ ਹੋਣਾ ਚਾਹੀਦਾ ਹੈ।

ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਇਲਾਕਾ ਨਿਵਾਸੀਆਂ ਦੇ ਤ੍ਰਾਸਦਿਕ ਜੀਵਨ ਹਾਲਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਡਰੇਨ ਦੀ ਮਾਰੂ ਜ਼ਹਿਰੀਲੀ ਹਵਾ ਦਾ ਭਿਆਨਕ ਅਸਰ ਲਗਾਤਾਰ 24 ਘੰਟੇ 3-5 ਕਿਲੋਮੀਟਰ ਦੇ ਘੇਰੇ ਵਿੱਚ-ਵਿੱਚ ਹੈ, ਜਿਸ ਕਰਕੇ ਇਥੋਂ ਦੀ ਜਨਤਾ ਫੇਫੜਿਆਂ, ਚਮੜੀ ਅਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਐਲਰਜੀ ਤੋਂ ਪੀੜਤ ਹੈ। ਕਾਮਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਨਗਰ ਨਿਗਮ ਅੰਮ੍ਰਿਤਸਰ ਨੂੰ ਬੜੀ ਸਖਤੀ ਨਾਲ ਹੁਕਮ ਜਾਰੀ ਕਰਕੇ ਤੁੰਗ ਢਾਬ ਡਰੇਨ ਵਿੱਚ ਅਣਸੋਧਿਆ ਸੀਵਰ ਅਤੇ ਉਦਯੋਗਿਕ ਤਰਲਾਂ ਨੂੰ ਪਾਉਣ ਤੋਂ ਮਨ੍ਹਾ ਕੀਤਾ ਹੈ। ਇਸਦੇ ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਏ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਸਾਰੇ ਉਦਯੋਗਾਂ ਦਾ ਐਫੂਲੈਂਟ ਟ੍ਰੀਟਮੈਂਟ ਪਲਾਂਟ ਵੇਰਵਾ ਵੈਬ ਸਰਵਰ ਉੱਤੇ ਪਾਉਣ ਲਈ ਵੀ ਕਿਹਾ ਗਿਆ ਹੈ ਪਰ ਨਗਰ ਨਿਗਮ ਅੰਮ੍ਰਿਤਸਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇਨ੍ਹਾਂ ਮਹੱਤਵਪੂਰਨ ਹੁਕਮਾਂ ਨੂੰ ਟਿੱਚ ਜਾਣਿਆ ਹੈ ।

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਫ਼ਿਕਰ ਜਾਹਿਰ ਕਰਦਿਆਂ ਕਿਹਾ ਕਿ ਜੇ ਸਮੱਸਿਆ ਨੂੰ ਹੱਲ ਕਰਨ ਵਿੱਚ ਹੋਰ ਦੇਰੀ ਹੋਈ ਤਾਂ ਨੇੜਲੇ ਭਵਿੱਖ ਵਿੱਚ ਬੱਚਿਆਂ ਦੇ ਅਪਾਹਿਜ ਪੈਦਾ ਹੋਣ ਦਾ ਖਦਸ਼ਾ ਹੈ। ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤੁੰਗ ਢਾਬ ਡਰੇਨ ਦੀ ਭਿਆਨਕਤਾ ਦਾ ਮਸਲਾ ਦੋ ਦਫ਼ਾ ਪਾਰਲੀਮੈਂਟ ਵਿੱਚ ਬਿਆਨ ਕਰ ਚੁੱਕੇ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਕੁੱਝ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੱਕ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੀ ਗਠਿਤ ਕੀਤੀ ਗਈ ਸੀ, ਪਰ ਸਰਕਾਰ ਦੀ ਤਬਦੀਲੀ ਕਾਰਨ ਮਸਲਾ ਅਣਸੁਣਿਆ ਰਹਿ ਗਿਆ।

ਪ੍ਰਸਿੱਧ ਸਿਹਤ ਵਿਗਿਆਨੀ ਡਾ.ਸਿਆਮ ਸੁੰਦਰ ਦੀਪਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਡੀਪੀ ਸਿੰਘ ਨੇ ਕਿਹਾ ਕਿ ਇਸ ਡਰੇਨ ਤੋਂ ਨਿਕਲਣ ਵਾਲੇ ਉਦਯੋਗਿਕ ਗੰਦੇ ਤੇਜ਼ਾਬੀ ਧੂੰਏਂ ਬਿਜਲੀ ਦੇ ਉਪਕਰਨਾਂ ਦੇ ਤਾਂਬੇ ਨੂੰ ਖਰਾਬ ਕਰ ਸਕਦੇ ਹਨ।