Punjab

ਚੰਡੀਗੜ੍ਹ ਯੂਨੀਵਰਸਿਟੀ ਨੂੰ ਮਿਲਿਆ ਪੰਜਾਬ ਦਾ ਪਹਿਲਾ ਡ੍ਰੋਨ ਟ੍ਰੇਨਿੰਗ ਹੱਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ ਪਹਿਲੇ ਡ੍ਰੋਨ ਟ੍ਰੇਨਿੰਗ ਹੱਬ ਦਾ ਉਦਘਾਟਨ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਨਾਲ ਰੂ-ਬ-ਰੂ ਹੁੰਦਿਆਂ ਉਨ੍ਹਾਂ ਨੂੰ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮਾਨ ਨੇ ਕਿਹਾ ਕਿ ਪੰਜਾਬ ਦੇ ਯੂਥ ਵਿੱਚ ਟੈਲੇਂਟ ਬਹੁਤ ਹੈ ਪਰ ਪਿਛਲੀਆਂ ਸਰਕਾਰਾਂ ਦੇ ਮਾਹੌਲ ਕਰਕੇ ਨੌਜਵਾਨ ਬਾਹਰ ਨੂੰ ਜਾਣ ਲੱਗੇ। ਬਾਹਰ ਜਾਣ ਦੇ ਰੁਝਾਨ ਨੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਕਾਗਜ਼ੀ ਕਰ ਦਿੱਤਾ ਕਿਉਂਕਿ ਹਰ ਕੋਈ ਕੰਟਰੈਕਟ ਮੈਰਿਜ ਰਾਹੀਂ ਬਾਹਰ ਜਾਣ ਦੇ ਰਸਤੇ ਲੱਭਣ ਲੱਗ ਪਿਆ।

ਭਗਵੰਤ ਮਾਨ ਨੇ ਨੌਜਵਾਨਾਂ ਦੇ ਲਈ ਇੰਡਸਟਰੀਆਂ ਲਿਆਉਣ ਅਤੇ ਮਲਟੀਨੈਸ਼ਨਲ ਕੰਪਨੀਆਂ ਸੱਦਣ ਦਾ ਦਾਅਵਾ ਕੀਤਾ ਹੈ। ਮਾਨ ਨੇ ਨੌਜਵਾਨਾਂ ਨੂੰ ਡਿਗਰੀਆਂ ਮੁਤਾਬਕ ਕੰਮ ਦੇਣ ਦਾ ਐਲਾਨ ਕੀਤਾ ਹੈ। ਮਾਨ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਕਰਨ ਨਾਲ ਕੋਈ ਵੀ ਬੰਦਾ ਪੰਜਾਬ ਨੂੰ ਛੱਡ ਕੇ ਕਿਧਰੇ ਨਹੀਂ ਜਾਵੇਗਾ। ਮਾਨ ਨੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਐਲਾਨ ਕੀਤਾ ਹੈ।