Punjab

ਮਾਲ ਮੰਤਰੀ ਵਿਰੁੱਧ ਵਿਭਾਗ ਦੇ ਅਫ਼ਸਰ ਡਟ ਕੇ ਖੜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਤਹਿਸੀਲ ਦਫ਼ਤਰਾਂ ਵਿੱਚ ਮਾਰੇ ਜਾਂਦੇ ਅਚਨਚੇਤ ਛਾਪਿਆਂ ਦੇ ਖਿਲਾਫ਼ ਮਾਲ ਅਫ਼ਸਰ ਡਟ ਕੇ ਖੜ ਗਏ ਹਨ। ਉਨ੍ਹਾਂ ਨੇ ਮੰਤਰੀ ਦੇ ਬਾਈਕਾਟ ਦੀ ਧਮਕੀ ਵੀ ਦੇ ਦਿੱਤੀ ਹੈ। ਮੋਗਾ ਦੇ ਮਾਲ ਅਫ਼ਸਰਾਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਵਿਭਾਗ ਦੇ ਮੰਤਰੀ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ। ਇਸ ਤੋਂ ਪਹਿਲਾਂ ਮਾਲ ਮੰਤਰੀ ਜਿੰਪਾ ਵੱਲੋਂ ਪਿਛਲੇ ਦਿਨੀਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਵੀ ਅਚਨਚੇਤ ਛਾਪਾ ਮਾਰਿਆ ਗਿਆ ਸੀ।

ਮਾਲ ਅਫ਼ਸਰਾਂ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਲਿਖੇ ਪੱਤਰ ਦੇ ਸ਼ੁਰੂ ਵਿੱਚ ਛਾਪਿਆਂ ਦਾ ਸਵਾਗਤ ਕਰਦਿਆਂ ਬਾਅਦ ਵਿੱਚ ਮੰਤਰੀ ਉੱਤੇ ਸ਼ਕਤੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਤਰੀ ਵੱਲੋਂ ਅਚਨਚੇਤ ਛਾਪਿਆਂ ਦੌਰਾਨ ਅਫ਼ਸਰਾਂ ਦਾ ਚਰਿੱਤਰ ਹਨਨ ਕੀਤਾ ਜਾ ਰਿਹਾ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਲ ਅਫ਼ਸਰਾਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਵੱਲੋਂ ਸਬ-ਰਜਿਸਟਰਾਰ ਉੱਤੇ ਲਾਏ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਮਾਲ ਮੰਤਰੀ ਵੱਲੋਂ ਮਾਮਲੇ ਦੀ ਜਾਂਚ ਕੀਤੇ ਬਗੈਰ ਹੀ ਸਬੰਧਿਤ ਅਫ਼ਸਰ ਨੂੰ ਜਨਤਾ ਵਿੱਚ ਖੜਾਕੇ ਸਵਾਲ ਜਵਾਬ ਕਰਨੇ ਕਿਸੇ ਤਰ੍ਹਾਂ ਵੀ ਵਾਜਬ ਨਹੀਂ। ਡਿਪਟੀ ਕਮਿਸ਼ਨਰ ਨੂੰ ਭੇਜੇ ਇਸ ਪੱਤਰ ਵਿੱਚ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਾਲ ਸਕੱਤਰ ਦੇ ਧਿਆਨ ਵਿੱਚ ਲਿਆਉਣ ਦੀ ਮੰਗ ਕੀਤੀ ਗਈ ਹੈ। ਮਾਲ ਅਫ਼ਸਰਾਂ ਨੇ ਮੰਤਰੀ ਦੀਆਂ ਮਨਮਾਨੀਆਂ ਨਾ ਰੋਕਣ ਦੀ ਸੂਰਤ ਵਿੱਚ ਬਾਈਕਾਟ ਕਰਨ ਦੀ ਧਮਕੀ ਦੇ ਦਿੱਤੀ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਮਾਲ ਅਫ਼ਸਰਾਂ ਨੇ ਸਰਕਾਰ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ। ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵੇਲੇ ਵੀ ਮਾਲ ਅਫ਼ਸਰਾਂ ਨੇ ਕਈ ਦਿਨਾਂ ਲਈ ਹੜਤਾਲ ਕਰ ਦਿੱਤੀ ਸੀ ਅਤੇ ਰਜਿਸਟਰੀਆਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਸੀ।

ਉੱਧਰ ਜਿੰਪਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਿਹੜੇ ਅਧਿਕਾਰੀ ਕੁਤਾਹੀ ਵਰਤਦੇ ਹਨ, ਉਨ੍ਹਾਂ ਦੀ ਚੈਕਿੰਗ ਕਰਨੀ ਜ਼ਰੂਰੀ ਹੈ। ਜਿੰਪਾ ਨੇ ਕਿਹਾ ਕਿ ਜਿਸ ਬੰਦੇ ਨੇ ਮੇਰੇ ਖਿਲਾਫ ਸ਼ਿਕਾਇਤ ਕੀਤੀ ਹੈ, ਉਸਦੇ ਖਿਲਾਫ਼ ਲਿਖਤੀ ਸ਼ਿਕਾਇਤ ਦੇ ਆਧਾਰ ਉੱਤੇ ਹੀ ਮੈਂ ਕਾਰਵਾਈ ਕੀਤੀ ਸੀ। ਪਹਿਲਾਂ ਉਸਦੀ ਡਿਪਟੀ ਕਮਿਸ਼ਨਰ ਕੋਲੋਂ ਰਿਪੋਰਟ ਮੰਗੀ ਗਈ ਸੀ। ਜੇ ਮੈਂ ਚਾਹੁੰਦਾ ਤਾਂ ਉਸਨੂੰ ਮੌਕੇ ਉੱਤੇ ਹੀ ਸਸਪੈਂਡ ਕਰ ਸਕਦਾ ਸੀ ਪਰ ਮੈਂ ਅਜਿਹਾ ਨਹੀਂ ਕੀਤਾ।