Punjab

ਗੈਰ ਕਾਨੂੰਨੀ ਧੰਦੇ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਐਕਸ਼ਨ ਵਿੱਚ ਆਉਣ ਲੱਗੀ ਹੈ। ਗੈਰ-ਕਾਨੂੰਨੀ ਮਾਈਨਿੰਗ ਦੇ ਦੋ ਸ਼ਾਂ ਤਹਿਤ ਨੰਗਲ ਸ਼ਹਿਰ ਨੇੜਲੇ ਖੇੜਾ ਕਲਮੋਟ ਦੇ ਕਰੈਸ਼ਰਾਂ ਦੇ ਲਾਈਸੈਂਸ ਰੱਦ ਕਰਨ ਤੋਂ ਬਾਅਦ ਮੁਹਾਲੀ ਦੇ ਮਾਈਨਿੰਗ ਅਫ਼ਸਰ ਵਿਪਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸੇ ਕੜੀ ਵਿੱਚ ਅੱਜ ਮੁਹਾਲੀ ਦੇ ਦੋ ਆਇਲੈਟਸ ਕੋਚਿੰਗ ਸੈਂਟਰਾਂ ਦੇ ਲਾਈਲੈਂਸ ਵੀ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਦੋਹਾਂ ਫਰਮਾਂ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ ਸੀ।

ਮੁਹਾਲੀ ਦੀ ਵਧੀਕ ਜਿਲ੍ਹਾ ਮਜਿਸਟਰੇਟ ਕੋਮਲ ਮਿੱਤਲ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਤਹਿਤ ਵੈਸਟ ਕੈਰੀਅਰ ਅਤੇ ਵਰਡ ਵਰਥ ਐਜੂਕੇਸ਼ਨ ਸਰਵਿਸਜ਼ ਪ੍ਰਾਈਵੇਟ ਲਿਮਟਿਡ ਦੇ ਲਾਈਸੈਂਸ ਤਰੁੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਗਏ ਹਨ। ਦੋਹਾਂ ਫਰਮਾ ਉੱਤੇ ਲਾਈਸੈਂਸ ਦੀ ਦੁਰਵਰਤੋਂ ਕਰਨ ਦੋ ਸ਼ ਹੈ। ਪੰਜਾਬ ਵਿੱਚ ਨੌਜਵਾਨਾਂ ਨੂੰ ਬਾਹਰ ਭੇਜਣ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ। ਅੱਧੇ ਤੋਂ ਵੱਧ ਟਰੈਵਲ ਏਜੰਟ ਗੈਰ-ਕਾਨੂੰਨੀ ਤੌਰ ਉੱਤੇ ਦਫ਼ਤਰ ਖੋਲੀ ਬੈਠੇ ਹਨ। ਪੰਜਾਬ ਸਰਕਾਰ ਨੇ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਣ ਦੀ ਸੂਚਨਾ ਪੁਲਿਸ ਨੂੰ ਦੇਣੀ ਲਾਜ਼ਮੀ ਕੀਤੀ ਗਈ ਹੈ ਪਰ ਵੱਡੀ ਗਿਣਤੀ ਦਫ਼ਤਰਾਂ ਨੇ ਪੁਲਿਸ ਤੋਂ ਲੁਕੋਅ ਰੱਖਿਆ ਹੋਇਆ ਹੈ। ਜਲੰਧਰ ਅਤੇ ਚੰਡੀਗੜ੍ਹ ਤੋਂ ਬਾਅਦ ਮੁਹਾਲੀ ਟਰੈਵਲ ਏਜੰਟਾਂ ਦਾ ਵੱਡਾ ਅੱਡਾ ਹੈ। ਇੱਥੇ ਦੋ ਸੌ ਤੋਂ ਵੱਧ ਅੰਗਰੇਜ਼ੀ ਸਮੇਤ ਦੂਜੀਆਂ ਭਾਸ਼ਾਵਾਂ ਦਾ ਕੋਰਸ ਕਰਾਉਣ ਦੇ 200 ਤੋਂ ਵੱਧ ਆਈਲੈੱਟਸ ਸੈਂਟਰ ਚੱਲ ਰਹੇ ਹਨ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਗੈਰਕਾਨੂੰਨੀ ਤੌਰ ‘ਤੇ ਚੱਲ ਰਹੇ ਧੰਦਿਆਂ ਨੂੰ ਬੰਦ ਕਰਾਉਣ ਦਾ ਵਾਅਦਾ ਕੀਤਾ ਸੀ। ਪੰਜਾਬ ਸਰਕਾਰ ਵੱਲ਼ੋਂ ਕੱਲ੍ਹ ਗੈਰ ਕਾਨੂੰਨੀ ਰੇਤ ਦੇ ਧੰਦੇ ਵਿੱਚ ਸ਼ਾਮਿਲ ਠੇਕੇਦਾਰਾਂ ਵਿਰੁੱਧ ਕਾਰਵਾਈ ਕਰਨ ਤੋਂ ਬਾਅਦ ਅੱਜ ਇਮੀਗ੍ਰੇਸ਼ਨ ਦੇ ਕਾਰੋਬਾਰੀਆਂ ਨੂੰ ਹੱਥ ਪਾ ਲਿਆ ਹੈ।