Punjab

ਪੰਜਾਬ ਦੇ 720 ਪ੍ਰਾਈਵੇਟ ਸਕੂਲਾਂ ‘ਤੇ ਸਰਕਾਰ ਦੀ ਨਜ਼ਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ 720 ਦੇ ਕਰੀਬ ਪ੍ਰਾਈਵੇਟ ਸਕੂਲਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ, ਤਾਂ ਕਿ ਕਿਸੇ ਕਿਸਮ ਦੀ ਮਨਮਾਨੀ ਨਾ ਚੱਲੇ ਅਤੇ ਸਕੂਲ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ। ਇਸ ਦੇ ਲਈ 15 ਟੀਮਾਂ ਦਾ ਗਠਨ ਕੀਤਾ ਗਿਆ ਹੈ। ਚੈਕਿੰਗ ਦੌਰਾਨ ਸਕੂਲ ਵਿੱਚ ਜੇਕਰ ਕੋਈ ਖਾਮੀ ਪਾਈ ਗਈ ਤਾਂ ਵੱਡਾ ਐਕਸ਼ਨ ਲਿਆ ਜਾਵੇਗਾ ਜਾਂ ਫਿਰ ਸਕੂਲ ਦੀ ਮਾਨਤਾ ਵੀ ਖਤਮ ਹੋ ਸਕਦੀ ਹੈ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਸਕੂਲਾਂ ਨੂੰ ਫੀਸ ਨਾ ਵਧਾਉਣ ਦੇ ਹੁਕਮ ਜਾਰੀ ਕੀਤੇ ਸਨ। ਇਸਦੇ ਨਾਲ ਹੀ ਦੋ ਸਾਲ ਤੱਕ ਸਕੂਲ ਦੀ ਵਰਦੀ ਨਾ ਬਦਲਣ ਦੇ ਵੀ ਹੁਕਮ ਜਾਰੀ ਕੀਤੇ ਸਨ। ਮਾਪਿਆਂ ਉੱਤੇ ਕਿਤਾਬਾਂ ਲੈਣ ਲਈ ਇੱਕ ਦੁਕਾਨ ਦਾ ਦਬਾਅ ਨਾ ਪਾਉਣ ਦੇ ਵੀ ਹੁਕਮ ਦਿੱਤੇ ਗਏ ਸਨ।

ਉੱਧਰ ਪੰਜਾਬ ਸਰਕਾਰ ਨੇ 1.40 ਲੱਖ ਲਾਵਾਰਿਸ ਪਸ਼ੂਆਂ ਨੂੰ ਕਾਬੂ ਕਰਨ ਲਈ ਕੇਂਦਰ ਨੂੰ ਪ੍ਰਸਤਾਵ ਭੇਜ ਕੇ 500 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਰਾਸ਼ੀ ਨਾਲ ਪਸ਼ੂਆਂ ਦੀ ਦੇਖਭਾਲ ਲਈ ਸ਼ੈੱਡ, ਹਰੇ ਚਾਰੇ ਦਾ ਪ੍ਰਬੰਧ ਕੀਤਾ ਜਾਵੇਗਾ। ਸੂਬੇ ਦੇ ਪੰਜ ਲੱਖ ਦੁਧਾਰੂ ਪਸ਼ੂਆਂ ਦੇ ਬੀਮੇ ਲਈ ਹਰ ਸਾਲ 100 ਕਰੋੜ ਰੁਪਏ ਦੀ ਰਾਸ਼ੀ ਦੀ ਵੀ ਮੰਗ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਇਸ ਕਦਮ ਉੱਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਮੰਗਤੇ ਦੇ ਕਟੋਰੇ ਵਿੱਚ ਬਦਲ ਗਿਆ ਹੈ। ਅਸੀਂ ਕੇਂਦਰ ਤੋਂ 50 ਕਰੋੜ ਤੋਂ 500 ਕਰੋੜ ਤੱਕ ਫੰਡਾਂ ਦੀ ਭੀਖ ਮੰਗਦੇ ਰਹਿੰਦੇ ਹਾਂ! ਹੁਣ ਸਾਡੇ ਮੰਤਰੀ 1.4 ਲੱਖ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਪੈਸੇ ਦੀ ਮੰਗ ਕਰ ਰਹੇ ਹਨ, ਜਿਸ ਕਰਕੇ ਸੈਂਕੜੇ ਲੋਕ ਹਾਦਸਿਆਂ ਵਿੱਚ ਜਾਨਾਂ ਗੁਆ ਲੈਂਦੇ ਹਨ। ਪਰ ਅਸੀਂ ਆਪਣੇ ਹੀ ਪੈਸੇ ਬਿਨਾਂ ਫਾਇਦੇ ਵਾਲੀਆਂ ਚੀਜ਼ਾਂ ‘ਤੇ ਖਰਚ ਕਰ ਰਹੇ ਹਾਂ।