India

ਕੇਂਦਰੀ ਮੰਤਰੀ ਕਿਸ਼ਨ ਰੈੱਡੀ ਦੀ ਪ੍ਰੈਸ ਕਾਨਫਰੰਸ

‘ਦ ਖਾਲਸ ਬਿਊਰੋ:ਕੇਂਦਰੀ ਮੰਤਰੀ ਕਿਸ਼ਨ ਰੈੱਡੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਨੋਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ ਉਤਸਵ ਮੌਕੇ ਕੇਂਦਰ ਸਰਕਾਰ ਵੱਲੋਂ ਲਾਲ ਕਿਲੇ ‘ਤੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ 21 ਤੇ 22 ਅਪ੍ਰੈਲ ਨੂੰ ਆਯੋਜਿਤ ਕੀਤੇ ਜਾਣ ਵਾਲੇ ਇਹਨਾਂ ਸਮਾਗਮਾਂ ਦੌਰਾਨ ਅਲਗ -ਅਲਗ ਤਰਾਂ ਦੇ ਪ੍ਰੋਗਰਾਮ ਹੋਣਗੇ।ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਕੁਰਬਾਨੀ ਦੀ ਗੱਲ ਕਰਦਿਆਂ ਉਹਨਾਂ ਦਸਿਆ ਕਿ ਇਹ 70 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਵੱਡੇ ਪੱਧਰ ਤੇ ਅਜਿਹਾ ਸ਼ਾਨਦਾਰ ਪ੍ਰੋਗਰਾਮ ਕੀਤਾ ਜਾ ਰਿਹਾ ਹੈ।

ਉਹਨਾਂ ਦਸਿਆ ਕਿ ਇਹਨਾਂ ਸਮਾਗਮਾਂ ਦੇ ਪਹਿਲੇ ਦਿਨ ਕੀਰਤਨ ਦਰਬਾਰ ਦਾ ਆਯੋਜਨ ਹੋਵੇਗਾ ਤੇ ਲਾਈਟਾਂ ਦਾ ਪ੍ਰੋਗਰਾਮ ਵੀ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ । ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਲਾਲ ਕਿੱਲੇ ‘ਤੇ ਦੋ ਦਿਨ ਚਲੇਗੀ।ਇਹਨਾਂ ਸਮਾਗਮਾਂ ਦੀ ਸਮਾਪਤੀ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਗਮਾਂ ਵਿੱਚ ਸ਼ਾਮਿਲ ਹੋਣਗੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਇੱਕ ਡਾਕ ਟਿੱਕਟ ਤੇ ਇੱਕ ਸਿੱਕਾ ਜਾਰੀ ਕਰਨਗੇ।ਇਹਨਾਂ ਸਮਾਗਮਾਂ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤ ਸ਼ਾਮਿਲ ਹੋਵੇਗੀ । ਇਹਨਾਂ ਸਮਾਗਮਾਂ ਵਿੱਚ ਬਾਬਾ ਬਲਵੀਰ ਸਿੰਘ ਬਠਿੰਡਾ,ਬਾਬਾ ਹਰਨਾਮ ਸਿੰਘ ਖਾਲਸਾ,ਬਾਬਾ ਅਵਤਾਰ ਸਿੰਘ ਅੰਮ੍ਰਿਤਸਰ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਹੋਰ ਵੀ ਕਈ ਸਿੱਖ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਕੇਂਦਰ ਸਰਕਾਰ ਵੱਲੋਂ ਵੀ ਸਾਰੀ ਸੰਗਤ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ।