‘ਦ ਖ਼ਾਲਸ ਬਿਊਰੋ :- ਯੋਗ ਗੁਰੂ ਬਾਬਾ ਰਾਮਦੇਵ ਨੇ ਕੋਵਿਡ -19 ਦੀ ਬਿਮਾਰੀ ਦਾ ਆਯੁਰਵੈਦਿਕ ਇਲਾਜ ਲੱਭਣ ਦਾ ਦਾਅਵਾ ਕੀਤਾ ਹੈ।
ਬਾਬਾ ਰਾਮਦੇਵ ਨੇ ਹਰਿਦੁਆਰ ਵਿੱਚ ਕਿਹਾ ਕਿ, “ਅਸੀਂ ਕੋਵਿਡ -19 ਦੀ ਮਹਾਂਮਾਰੀ ਦੇ ਇਲਾਜ ਲਈ ਸਬੂਤਾਂ ਦੇ ਆਧਾਰ ‘ਤੇ ਪਹਿਲੀ ਆਯੁਰਵੈਦਿਕ ਦਵਾਈ ‘ਸ਼ਵਾਸਰੀ ਵਟੀ ਕੋਰੋਨਿਲ’ ਤਿਆਰ ਕੀਤੀ ਹੈ।” ਇਹ ਦਵਾਈ ਪ੍ਰਯੋਗਸ਼ਾਲਾ ਵਿੱਚ ਟੈਸਟ, ਖੋਜ ਤੇ ਕਲੀਨਿਕਲ ਟ੍ਰਾਇਲ ਤੋਂ ਬਾਅਦ ਤਿਆਰ ਕੀਤੀ ਗਈ ਹੈ।
ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 69 ਫੀਸਦੀ ਮਰੀਜ਼ ਤਿੰਨ ਦਿਨਾਂ ਵਿੱਚ ਤੇ 100 ਫੀਸਦੀ ਮਰੀਜ਼ ਸੱਤ ਦਿਨਾਂ ਵਿੱਚ ਠੀਕ ਹੋ ਗਏ ਹਨ, ਪਰ ਅਜੇ ਤੱਕ ਇਸ ਦਾਅਵੇ ਦੀ ਸੁਤੰਤਰ ਪੁਸ਼ਟੀ ਨਹੀਂ ਕੀਤੀ ਗਈ ਹੈ।
ਜਿਸ ਵਕਤ ਯੋਗ ਗੁਰੂ ਰਾਮਦੇਵ ਨੇ ਇਸ ਦਵਾਈ ਨੂੰ ਲਾਂਚ ਕੀਤਾ ਤਾਂ ਉਸ ਸਮੇਂ ਲੋਕਾਂ ਵਿੱਚ ਸਰਕਾਰੀ ਅਧਿਕਾਰੀ ਜਾਂ ਕੇਂਦਰੀ ਸਿਹਤ ਮੰਤਰਾਲੇ ਦਾ ਕੋਈ ਵੀ ਨੁਮਾਇੰਦਾ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲੋਕਾਂ ਨੂੰ ਇਸ ਦਵਾਈ ਨੂੰ ਵਰਤਣ ਲਈ ਕੋਈ ਹਦਾਇਤ ਵੀ ਜਾਰੀ ਨਹੀਂ ਕੀਤੀ ਗਈ ਹੈ।