Punjab

“ਕੇਜਰੀਵਾਲ ਮੂਹਰੇ ਗਹਿਣੇ ਰੱਖੇ ਗਏ ਪੰਜਾਬ ਦੇ ਹੱਕ !”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀ ਕਿਸਾਨੀ ਇੱਕ ਬਹੁਤ ਵੱਡੇ ਸੰਕਟ ਵਿੱਚੋਂ ਨਿਕਲ ਰਹੀ ਹੈ ਕਿਉਂਕਿ ਅਚਾਨਕ ਤਾਪਮਾਨ ਵਧਣ ਕਾਰਨ ਕਣਕ ਦੇ ਝਾੜ ਵਿੱਚ ਬਹੁਤ ਵੱਡੀ ਕਮੀ ਆਈ।ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਕਰਕੇ ਹਰ ਕਿਸਾਨ ਨੂੰ ਪ੍ਰਤੀ ਏਕੜ ਬਹੁਤ ਵੱਡਾ ਘਾਟਾ ਪੈ ਰਿਹਾ ਹੈ। ਮੇਰੇ ਸੁਣਨ ਵਿੱਚ ਆ ਰਿਹਾ ਹੈ ਕਿ ਏਜੰਸੀਆਂ ਕੱਟ ਲਗਾਉਣ ਦੀ ਸੋਚ ਰਹੀਆਂ ਹਨ। ਚੀਮਾ ਨੇ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤੁਰੰਤ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਗੰਭੀਰ ਸਮੱਸਿਆ ਉਠਾਉਣ। ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਵੀ ਇਹ ਤਾੜਨਾ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਉੱਤੇ ਕਿਸੇ ਤਰ੍ਹਾਂ ਦਾ ਕੱਟ ਨਾ ਲਗਾਇਆ ਜਾਵੇ।

ਚੀਮਾ ਨੇ ਕੱਲ੍ਹ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਫ਼ਸਰਾਂ ਨਾਲ ਕੀਤੀ ਗਈ ਮੀਟਿੰਗ ਬਾਰੇ ਬੋਲਦਿਆਂ ਕਿਹਾ ਕਿ ਇਸਨੇ ਸਾਰਿਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਕਿ ਰਿਮੋਟ ਕੰਟਰੋਲ ਦੇ ਨਾਲ ਸਰਕਾਰ ਚੱਲੇਗੀ, ਜੋ ਕਿ ਹੁਣ ਸ਼ੁਰੂ ਹੋ ਗਈ ਹੈ। ਇਹ ਸੂਬੇ ਵਾਸਤੇ ਬਹੁਤ ਖ਼ਤਰਨਾਕ ਹੈ। ਚੀਮਾ ਨੇ ਭਗਵੰਤ ਮਾਨ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਹੱਕ ਕੇਜਰੀਵਾਲ ਦੇ ਸਾਹਮਣੇ ਗਹਿਣੇ ਕਿਉਂ ਰੱਖ ਦਿੱਤੇ ਹਨ। ਪੰਜਾਬ ਦੇ ਕਈ ਮੁੱਦੇ ਦਿੱਲੀ ਦੇ ਨਾਲ ਟਕਰਾਉਂਦੇ ਹਨ। ਕੱਲ੍ਹ ਨੂੰ SYL, ਕਿਸਾਨਾਂ ਦੀ ਪਰਾਲੀ ਸਮੇਤ ਹੋਰ ਕਈ ਮੁੱਦੇ ਆਉਣਗੇ। ਭਗਵੰਤ ਸਿੰਘ ਮਾਨ ਨੂੰ ਇਹ ਸਥਿਤੀ ਸਪੱਸ਼ਟ ਕਰਨੀ ਪਵੇਗੀ। ਮਾਨ ਦਿੱਲੀ ਵਿੱਚ ਘੁੰਮ ਰਹੇ ਹਨ ਅਤੇ ਗਵਰਨਰ ਸਰਹੱਦੀ ਸੂਬਿਆਂ ਦਾ ਟੂਰ ਕਰ ਰਹੇ ਹਨ, ਕੀ ਸਰਹੱਦੀ ਸੂਬੇ ਵਿੱਚ ਕੋਈ ਸੰਵਿਧਾਨਕ ਸੰਕਟ ਖੜਾ ਹੋ ਗਿਆ ਹੈ।

ਦਰਅਸਲ, ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਿਨਾਂ ਪੰਜਾਬ ਦੇ ਅਫਸਰਾਂ ਨਾਲ ਮੀਟਿੰਗ ਕਰਨ ਦਾ ਦੋਸ਼ ਲਗਾਇਆ ਹੈ। ਅਕਾਲੀ ਦਲ ਅਤੇ ਕਾਂਗਰਸ ਨੇ ਵੱਡੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਨੂੰ ਦਿੱਲੀ ਦੀ ਕਠਪੁਤਲੀ ਬਣਾਇਆ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਚੀਫ ਸੈਕੇਟਰੀ ਅਨਿਰੁਧ ਤਿਵਾੜੀ, ਸਕੱਤਰ ਪਾਵਰ ਦਲੀਪ ਕੁਮਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, MP ਰਾਘਵ ਚੱਢਾ, ਦਿੱਲੀ ਦੇ ਮੰਤਰੀ ਸਤੇਂਦਰ ਜੈਨ, pspcl ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਗੈਰਹਾਜ਼ਰੀ ਵਿੱਚ ਮੀਟਿੰਗ ਕੀਤੀ ਹੈ।