Punjab

ਗੈਰ ਪੰਜਾਬੀ ਸਰਕਾਰੀ ਮੁਲਾਜ਼ਮਾਂ ਨੂੰ ਘਰੇ ਤੋਰਨ ਦੀ ਉੱਠਣ ਲੱਗੀ ਮੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਮਾਜ ਸੇਵੀ ਅਤੇ ਸਿਆਸਤ ਵਿੱਚ ਸਰਗਰਮ ਲੱਖਾ ਸਿਧਾਣਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਗੇ ਕਈ ਅਹਿਮ ਮੰਗਾਂ ਰੱਖੀਆਂ ਹਨ। ਲੱਖਾ ਸਿਧਾਣਾ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਪੰਜਾਬੀਆਂ ਲਈ ਸਰਕਾਰੀ ਨੌਕਰੀਆਂ ਵਿੱਚ 100 ਫ਼ੀਸਦੀ ਅਤੇ ਪ੍ਰਾਈਵੇਟ ਨੌਕਰੀਆਂ ਵਿੱਚ ਹਰਿਆਣਾ ਦੀ ਤਰਜ ਉੱਤੇ 85 ਫ਼ੀਸਦੀ ਕੋਟਾ ਰਾਖਵਾਂ ਰੱਖਣ, ਬੋਨਾਫਾਈਡ ਵਸਿੰਦੇ ਜ਼ਰੂਰੀ ਕਰਨ ਦੀ ਮੰਗ ਰੱਖੀ ਤਾਂ ਜੋ ਪੰਜਾਬ ਵਿੱਚ ਪੀੜੀ ਦਰ ਪੀੜੀ ਰਹਿ ਰਹੇ ਪੰਜਾਬੀ ਹੀ ਸੂਬੇ ਵਿੱਚ ਨੌਕਰੀਆਂ ਦੇ ਲਈ ਅਪਲਾਈ ਕਰ ਸਕਣ। ਇਸਦੇ ਨਾਲ ਹੀ ਲੱਖਾ ਸਿਧਾਣਾ ਨੇ ਦਫ਼ਤਰਾਂ, ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦੀ ਮੰਗ ਵੀ ਰੱਖੀ।

ਲੱਖਾ ਸਿਧਾਣਾ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਜੋ 300 ਵਿਅਕਤੀਆਂ ਨੂੰ ਭਰਤੀ ਕੀਤਾ ਗਿਆ ਹੈ, ਉਹ ਬਿਲਕੁਲ ਨਾਜਾਇਜ਼ ਹੈ। ਸਿਧਾਣਾ ਨੇ ਇਨ੍ਹਾਂ ਬੰਦਿਆਂ ਨੂੰ ਬਾਹਰ ਕੱਢ ਕੇ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦਾ ਹੱਕ ਦੇਣ ਦੀ ਵਕਾਲਤ ਕੀਤੀ। ਸਿਧਾਣਾ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਵੀ ਕਿਹਾ ਕਿ 25 ਹਜ਼ਾਰ ਅਸਾਮੀਆਂ ਭਰਨ ਵੇਲੇ ਇਹ ਖਿਆਲ ਰੱਖਿਆ ਜਾਵੇ ਕਿ ਕਿਤੇ ਇਸ ਵਿੱਚੋਂ 15 ਹਜ਼ਾਰ ਨੌਕਰੀ ਬਾਹਰਲੇ ਸੂਬਿਆਂ ਵਾਲੇ ਨਾ ਲੈ ਜਾਣ। ਸਿਧਾਣਾ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਆ ਕੇ ਲੋਕ ਨੌਕਰੀਆਂ ਲੈ ਰਹੇ ਹਨ ਅਤੇ ਸਾਡੇ ਨੌਜਵਾਨ ਬੇਰੁਜ਼ਗਾਰ ਰਹਿ ਰਹੇ ਹਨ। ਇਸ ਲਈ ਪੰਜਾਬ ਵਿੱਚ ਚਾਹੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਹੋਵੇ, ਉਸ ਵਿੱਚ ਪੰਜਾਬੀਆਂ ਨੂੰ ਪਹਿਲ ਹੋਣੀ ਚਾਹੀਦੀ ਹੈ।

ਲੱਖਾ ਸਿਧਾਣਾ ਨੇ ਇੱਕ ਹੋਰ ਮੰਗ ਕਰਦਿਆਂ ਕਿਹਾ ਕਿ ਸਾਰੇ ਦਫ਼ਤਰਾਂ ਵਿੱਚ ਜਿੰਨਾ ਵੀ ਚਿੱਠੀ ਪੱਤਰ ਦਾ ਕੰਮ ਹੁੰਦਾ ਹੈ, ਸਾਰਾ ਪੰਜਾਬੀ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ। ਦਫ਼ਤਰਾਂ ਸਮੇਤ ਹਰ ਬੋਰਡ ਉੱਪਰ ਪਹਿਲੇ ਨੰਬਰ ਉੱਤੇ ਪੰਜਾਬੀ ਲਿਖੀ ਹੋਣੀ ਚਾਹੀਦੀ ਹੈ। ਪੰਜਾਬ ਦੀਆਂ ਅਦਾਲਤਾਂ ਵਿੱਚ ਸਾਰਾ ਕੰਮ ਪੰਜਾਬੀ ਵਿੱਚ ਹੋਣਾ ਚਾਹੀਦਾ ਹੈ।

ਲੱਖਾ ਸਿਧਾਣਾ ਨੇ ਪੰਜਾਬ ਸਰਕਾਰ ਦੇ ਕਈ ਫੈਸਲਿਆਂ ਦੀ ਆਲੋਚਨਾ ਵੀ ਕੀਤੀ ਅਤੇ ਸਰਕਾਰ ਨੂੰ ਪੰਜਾਬ ਦੇ ਅਸਲ ਮੁੱਦਿਆਂ ਵੱਲ ਗੌਰ ਕਰਨ ਦੀ ਅਪੀਲ ਕੀਤੀ ਜਿਸ ਵਿੱਚ BBMB, ਚੰਡੀਗੜ੍ਹ, ਬੀਐੱਸਐੱਫ ਦਾ ਘੇਰਾ ਵਧਾਉਣ ਸਮੇਤ ਕਈ ਮੁੱਦੇ ਸ਼ਾਮਿਲ ਹਨ। ਸਿਧਾਣਾ ਨੇ ਭਗਵੰਤ ਸਿੰਘ ਮਾਨ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਅਸੀਂ ਕਿਤੇ ਗੁਜਰਾਤ ਜਾ ਕੇ ਚਰਖਾ ਨਾ ਕੱਤਦੇ ਰਹਿ ਜਾਈਏ।

ਲੱਖਾ ਸਿਧਾਣਾ ਨੇ ਭਗਵੰਤ ਮਾਨ ਸਮੇਤ ਸਾਰੇ ਲੀਡਰਾਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਬਾਹਰ ਬੈਠਣ ਦਾ ਸੁਝਾਅ ਦਿੱਤਾ। ਸਿਧਾਣਾ ਨੇ ਦਾਅਵਾ ਕੀਤਾ ਕਿ ਸਾਰਾ ਪੰਜਾਬ ਤੁਹਾਡੇ ਨਾਲ ਖੜੇਗਾ, ਅੰਤਰਰਾਸ਼ਟਰੀ ਮੀਡੀਆ ਵਿੱਚ ਤੁਹਾਡੀ ਗੱਲ ਜਾਵੇਗੀ। ਸਿਧਾਣਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਸਰਕਾਰ ਨੇ ਕੁੱਝ ਨਾ ਕੀਤਾ ਤਾਂ ਪੰਜਾਬ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਮੋਰਚਾ ਲਗਾਇਆ ਜਾਵੇਗਾ। ਇਸ ਲਈ ਅਸੀਂ ਪਹਿਲਾਂ ਭਗਵੰਤ ਸਿੰਘ ਮਾਨ ਨੂੰ ਅਪੀਲ ਕਰ ਦਿੱਤੀ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਹੋਣ ਨਹੀਂ ਤਾਂ ਇੱਕ ਹੋਰ ਮੋਰਚੇ ਦੇ ਲਈ ਤਿਆਰ ਰਹਿਣ।