Punjab

ਸਰਕਾਰੀ ਕੋਠੀਆਂ ‘ਚੋਂ ਗਾਇਬ ਹੋਇਆ ਸਮਾਨ ਕਿੰਨਾ ਕੁ ਪੁਰਾਣਾ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਸਿੰਘ ਜੌਹਲ ਨੇ ਸਰਕਾਰੀ ਕੋਠੀਆਂ ਵਿੱਚੋਂ ਸਮਾਨ ਗਾਇਬ ਹੋਣ ਦੀਆਂ ਚੱਲ ਰਹੀਆਂ ਖ਼ਬਰਾਂ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦਾ ਪੱਖ ਪੂਰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ‘ਤੇ ਗਲਤ ਇਲਜ਼ਾਮ ਲਗਾਏ ਗਏ ਹਨ। ਕੋਈ ਫ਼ਰਨੀਚਰ ਗਾਇਬ ਨਹੀਂ ਹੋਇਆ। PWD ਨੂੰ ਫ਼ਰਨੀਚਰ ਦੀ 1 ਲੱਖ 82 ਹਜ਼ਾਰ ਪੇਮੈਂਟ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਫਰਨੀਚਰ ਹੈਰੀਟੇਜ ਨਹੀਂ ਸਿਰਫ਼ 15 ਸਾਲ ਪੁਰਾਣਾ ਫ਼ਰਨੀਚਰ ਹੈ। ਸਾਲ 2008 ‘ਚ ਮਨਪ੍ਰੀਤ ਬਾਦਲ ਨੇ ਫ਼ਰਨੀਚਰ ਤਿਆਰ ਕਰਵਾਇਆ ਸੀ ਅਤੇ ਬਾਅਦ ਵਿੱਚ ਫਿਰ ਫ਼ਰਨੀਚਰ 2017 ‘ਚ PWD ਦੇ ਸਟੋਰ ਤੋਂ ਕਢਵਾਇਆ ਸੀ ਕਿਉਂਕਿ ਜਦੋਂ ਅਕਾਲੀ ਮੰਤਰੀ ਇਸ ਕੋਠੀ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਇਹ ਫਰਨੀਚਰ PWD ਸਟੋਰ ਵਿੱਚ ਰਖਵਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ PWD ਵਿਭਾਗ ਕੋਲ ਪੇਮੈਂਟ ਦਾ 24 ਤਰੀਕ ਦਾ ਚੈੱਕ ਵੀ ਹੈ। ਅਸੀਂ ਹਰੇਕ ਸਮਾਨ ਦੀ ਲਿਸਟ ਬਣਾ ਕੇ ਉਸਦੀ ਵੀਡੀਓਗ੍ਰਾਫ਼ੀ ਕੀਤੀ ਹੈ।

ਦਰਅਸਲ, ਪੰਜਾਬ ਦੇ ਲੋਕ ਨਿਰਮਾਣ ਵਿਭਾਗ ਨੇ ਖੁਲਾਸਾ ਕੀਤਾ ਹੈ ਕਿ ਕਾਂਗਰਸੀ ਮੰਤਰੀਆਂ ਵੱਲੋਂ ਬੰਗਲੇ ਤਾਂ ਖਾਲੀ ਕੀਤੇ ਗਏ ਹਨ ਪਰ ਉਨ੍ਹਾਂ ਵਿੱਚੋਂ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਗਾਇਬ ਹੈ। ਵਿਭਾਗ ਦੇ ਉਪ ਮੰਡਲ ਇੰਜਨੀਅਰ ਵੱਲੋਂ 24 ਮਾਰਚ ਨੂੰ ਜਾਰੀ ਪੱਤਰ ਨੰਬਰ 135 ਵਿੱਚ ਲਿਖਿਆ ਗਿਆ ਹੈ ਕਿ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੈਕਟਰ 2 ਵਿੱਚ ਸਥਿਤ ਕੋਠੀ ਨੰਬਰ 47 ਖਾਲੀ ਕਰ ਦਿੱਤੀ ਹੈ। ਵਿਭਾਗ ਦੇ ਜੂਨੀਅਰ ਇੰਜਨੀਅਰ ਲਵਪ੍ਰੀਤ ਸਿੰਘ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਕੋਠੀ ਵਿੱਚ ਇੱਕ ਡਾਇਨਿੰਗ ਟੇਬਲ, 10 ਡਾਇਨਿੰਗ ਕੁਰਸੀਆਂ, ਇੱਕ ਸਰਵਿਸ ਟਰਾਲੀ ਅਤੇ ਇੱਕ ਰਿੰਕ ਲਾਉਂਜਰ ਸੋਫਾ ਮਿਲਿਆ ਹੈ।

ਹਾਲਾਂਕਿ, ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਜੋ ਵੀ ਸਾਮਾਨ ਸਰਕਾਰੀ ਰਿਹਾਇਸ਼ ਵਿੱਚੋਂ ਲਿਆ ਹੈ, ਉਸ ਦਾ ਖ਼ਰਚਾ ਭਰ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਇਸਦਾ ਚੈੱਕ ਵੀ ਸਭ ਦੇ ਨਾਲ ਸਾਂਝਾ ਕੀਤਾ। ਮਨਪ੍ਰੀਤ ਬਾਦਲ ਤੇ ਬ੍ਰਹਮ ਮਹਿੰਦਰਾ ਦਾ ਚੈੱਕ ਵਿਭਾਗ ਕੋਲ ਗਿਆ ਹੈ ਅਤੇ ਵਿਭਾਗ ਮਨਜ਼ੂਰੀ ਲੈ ਕੇ ਇਸਦੀ ਜਾਂਚ ਕਰੇਗਾ।