‘ਦ ਖਾਲਸ ਬਿਉਰੋ:ਦੁਨੀਆ ਦੀਆਂ ਸਭ ਤੋਂ ਵੱਡੀਆਂ ਏਅਰਲਾਈਨ ਵਿੱਚੋਂ ਇੱਕ, ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਅਤੇ ਦੋਹਾ ਵਿਚਕਾਰ ਰੋਜ਼ਾਨਾ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰ ਦਿਤੀਆਂ ਹਨ। ਭਾਰਤ ਨੇ 27 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਅਤੇ ਅਸਥਾਈ ਏਅਰ ਬੱਬਲ ਸਮਝੌਤਿਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ,ਜਿਸ ਤੋਂ ਬਾਅਦ ਹੁਣ ਕਤਰ ਏਅਰਲਾਈਨਜ਼ ਨੇ ਹੁਣ ਮੁੱੜ ਤੋਂ ਆਪਣੀਆਂ ਸੇਵਾਵਾਂ ਅੰਮ੍ਰਿਤਸਰ ਲਈ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇਹਨਾਂ ਸੇਵਾਵਾਂ ਦੇ ਚਾਲੂ ਹੋਣ ਕਾਰਣ ਯਾਤਰੀਆਂ ਨੂੰ ਕਾਫ਼ੀ ਸਹੂਲਤ ਹੋ ਜਾਵੇਗੀ । ਕਤਰ ਏਅਰਵੇਜ਼ ਅੰਮ੍ਰਿਤਸਰ ਨੂੰ ਪਿਛਲੇ 12 ਸਾਲਾਂ ਤੋਂ ਦੋਹਾ ਰਾਹੀਂ ਦੁਨੀਆਂ ਭਰ ਦੇ 140 ਤੋਂ ਵੀ ਵੱਧ ਸ਼ਹਿਰਾਂ ਨਾਲ ਜੋੜਦੀ ਰਹੀ ਹੈ ਜਿਸ ਵਿੱਚ ਯੂਰਪ, ਅਮਰੀਕਾ, ਕੈਨੇਡਾ,ਆਸਟਰੇਲੀਆ, ਅਫਰੀਕਾ ਆਦਿ ਮੁਲਕਾਂ ਦੇ ਹਵਾਈ ਅੱਡੇ ਸ਼ਾਮਲ ਹਨ। ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਦਿੱਲੀ ਦੀ ਬਜਾਏ ਦੋਹਾ ਰਾਹੀਂ ਅੰਮ੍ਰਿਤਸਰ ਲਈ ਉਡਾਣਾਂ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਦਿੱਲੀ ਦੇ ਰਸਤੇ ਯਾਤਰਾ ਕਰਨ ਵਿੱਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ।ਇਸ ਤੋਂ ਇਲਾਵਾ ਦਿੱਲੀ ਵਿਖੇ ਇਮੀਗ੍ਰੇਸ਼ਨ, ਲੰਬੇ ਸਮੇਂ ਤੱਕ ਅੰਮ੍ਰਿਤਸਰ ਲਈ ਉਡਾਣ ਦੇ ਇੰਤਜ਼ਾਰ ਕਰਨ ਅਤੇ ਸਮਾਨ ਦਾ ਮੁੜ ਜਮਾਂ ਕਰਵਾਉਣ ਵਿੱਚ ਬਹੁਤ ਸਮਾਂ ਖਰਾਬ ਹੁੰਦਾ ਸੀ ।