‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਲੰਕਾ ਵਿੱਚ ਜ਼ਰੂਰੀ ਚੀਜ਼ਾਂ ਦੀ ਭਾਰੀ ਕਿੱਲਤ ਅਤੇ ਵਧ ਰਹੀ ਮਹਿੰਗਾਈ ਨੇ ਹੁਣ ਮਨੁੱਖੀ ਸੰਕਟ ਦਾ ਰੂਪ ਧਾਰਨ ਕਰ ਲਿਆ ਹੈ। ਸ਼੍ਰੀ ਲੰਕਾ ਦੇ ਪਰਿਵਾਰਾਂ ਨੇ ਆਪਣਾ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਦੇ ਤਟਾਂ ਤੱਕ ਪਹੁੰਚ ਰਹੇ ਹਨ। ਮੰਗਲਵਾਰ ਤੋਂ ਦਰਜਨਾਂ ਸ਼੍ਰੀ ਲੰਕਾਈ ਨਾਗਰਿਕ ਕਿਸ਼ਤੀਆਂ ਰਾਹੀਂ ਭਾਰਤ ਪਹੁੰਚ ਚੁੱਕੇ ਹਨ। ਸ਼੍ਰੀ ਲੰਕਾ ਇਸ ਵੇਲੇ ਬਹੁਤ ਵੱਡੇ ਆਰਥਿਕ ਸੰਕਟ ਵਿੱਚੋਂ ਦੀ ਗੁਜ਼ਰ ਰਿਹਾ ਹੈ। ਇਸ ਕਾਰਨ ਉੱਥੇ ਇਹੋ ਜਿਹੇ ਹਾਲਾਤ ਪੈਦਾ ਹੋ ਰਹੇ ਹਨ।
ਬੀਤੀ ਰਾਤ ਨੂੰ ਸ਼੍ਰੀ ਲੰਕਾ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਝੜਪਾਂ ਹੋਈਆਂ, ਜਿਸ ਤੋਂ ਬਾਅਦ ਮੁਲਕ ਦੀ ਰਾਜਧਾਨੀ ਕੋਲੰਬੋ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਕੋਲੰਬੋ ‘ਚ ਰਾਤ ਨੂੰ ਪੰਜ ਹਜ਼ਾਰ ਤੋਂ ਵੱਧ ਲੋਕ ਸੜਕਾਂ ਉੱਤੇ ਉੱਤਰ ਆਏ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਘਰ ਵੱਲ ਰੈਲੀ ਕੱਢੀ। ਪੁਲਿਸ ਨੇ ਦੱਸਿਆ ਹੈ ਕਿ 50 ਤੋਂ ਵਧੇਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਵੀ ਹੋਇਆ ਹੈ।
ਸ੍ਰੀਲੰਕਾ ਦੇ ਨਾਗਰਿਕਾਂ ਦਾ ਪਹਿਲਾ ਸਮੂਹ ਮੰਗਲਵਾਰ ਸਵੇਰੇ ਤਾਮਿਲਨਾਡੂ ਦੇ ਧਨੁਸ਼ਕੋੜੀ ਪੁੱਜਿਆ ਸੀ। ਇਨ੍ਹਾਂ ਵਿੱਚ ਜਾਫ਼ਨਾ ਅਤੇ ਮਨਾਤਰੀ ਦੇ ਦੋ ਪਰਿਵਾਰਾਂ ਦੇ ਤਿੰਨ ਲੋਕ ਅਤੇ ਤਿੰਨ ਬੱਚੇ ਸ਼ਾਮਲ ਸਨ। ਇਸ ਤੋਂ ਬਾਅਦ ਇੱਕ ਹੋਰ ਸਮੂਹ, ਜਿਸ ਵਿੱਚ ਦਸ ਲੋਕ ਸ਼ਾਮਿਲ ਸਨ, ਉਹ ਵੀ ਭਾਰਤ ਪਹੁੰਚਿਆ। ਇਨ੍ਹਾਂ ਵਿੱਚ ਪੰਜ ਬੱਚੇ ਵੀ ਸ਼ਾਮਿਲ ਸੀ। ਇਹ ਸਮੂਹ ਸ਼੍ਰੀ ਲੰਕਾ ਦੇ ਵਾਵੁਨੀਆਂ ਤੋਂ ਆਇਆ ਹੈ। ਭਾਰਤ ਦੇ ਕੋਸਟ ਗਾਰਡ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਲੋਕਾਂ ਦੀ ਆਮਦ ਨੂੰ ਰੋਕਣ ਲਈ ਹੋਰ ਸਖਤ ਨਿਗਰਾਨੀ ਕੀਤੀ ਹੈ। ਸ਼੍ਰੀ ਲੰਕਾ ਦੀ ਨੇਵੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਤੌਰ ਸ਼ਰਨਾਰਥੀ ਭਾਰਤ ਪਹੁੰਚਣ ਵਾਲੇ ਸ੍ਰੀਲੰਕਾ ਦੇ ਲੋਕਾਂ ਨੂੰ ਰੋਕਣ ਵਾਸਤੇ ਇੱਕ ਵਿਸ਼ੇਸ਼ ਯੋਜਨਾ ਬਣਾਈ ਹੈ।
ਦਰਅਸਲ ਕਰਜ਼ੇ ਦੇ ਬੋਝ ਹੇਠਾਂ ਦੱਬਿਆ 2.2 ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਖਾਣੇ ਦੀਆਂ ਚੀਜ਼ਾਂ ਦੇ ਵੱਧਦੇ ਰੇਟ ਅਤੇ ਇਸ ਦੀ ਕਮੀ ਕਾਰਨ ਲੋਕ ਬੇਹਾਲ ਹਨ। ਸ਼੍ਰੀਲੰਕਾ ਦੀ ਇਸ ਆਰਥਿਕ ਹਾਲਤ ਲਈ ਕੋਵਿਡ-19 ਮਹਾਂਮਾਰੀ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਸ਼੍ਰੀ ਲੰਕਾ ਦੇ ਸੈਰ ਸਪਾਟੇ ਖ਼ੇਤਰ ਉੱਤੇ ਮਾੜਾ ਪ੍ਰਭਾਵ ਪਿਆ ਹੈ। ਸ੍ਰੀਲੰਕਾ ਜੋ ਕਿ ਇਕ ਟਾਪੂ ਦੇਸ਼ ਹੈ ਕੋਲ ਆਮਦਨ ਦੇ ਪੱਕੇ ਸਰੋਤ ਨਹੀਂ ਹਨ ਜਿਸ ਕਾਰਨ ਉਹ ਆਰਥਿਕ ਸੰਕਟ ਵਿਚ ਪਹੁੰਚ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦਾ ਫਾਰੈਕਸ ਜੋ ਇਸ ਦੇ ਕੇਂਦਰੀ ਬੈਂਕ ਦੇ ਹੱਥ ਵਿੱਚ ਹੈ ਓਨੇ ਲਗਾਤਾਰ ਡਿੱਗ ਰਿਹਾ ਹੈ। ਹੌਲੀ-ਹੌਲੀ ਆਰਥਿਕ ਹਾਲਾਤ ਖ਼ਰਾਬ ਹੁੰਦੇ ਗਏ। ਜ਼ਰੂਰੀ ਚੀਜ਼ਾਂ ਦੀ ਕੀਮਤ ਵਧਦੀ ਗਈ। ਰਸੋਈ ਗੈਸ ਦੀ ਕਮੀ ਕਾਰਨ ਹੋਟਲ ਬੰਦ ਹੋ ਗਏ। ਦੇਸ਼ ਦੇ ਮੁੱਖ ਗੈਸ ਸਮੂਹਾਂ ਕੋਲ ਗੈਸ ਖਰੀਦਣ ਵਾਸਤੇ ਪੈਸੇ ਹੀ ਨਹੀਂ ਬਚੇ। ਜ਼ਰੂਰੀ ਚੀਜ਼ਾਂ ਖ਼ਰੀਦਣ ਵਾਸਤੇ ਲੋਕ ਦੁਕਾਨਾਂ ਦੇ ਸਾਹਮਣੇ ਵੱਡੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਲੱਗੇ। ਕਈ ਵਾਰ ਹਾਲਾਤ ਅਜਿਹੇ ਬਣੇ ਕਿ ਚੀਜ਼ਾਂ ਵਾਸਤੇ ਹਿੰਸਕ ਝੜਪਾਂ ਵੀ ਹੋਈਆਂ ਕਿਉਂਕਿ ਉਹ ਮਿਲ ਨਹੀਂ ਰਹੀਆਂ ਸਨ।