India Punjab Religion

ਸ੍ਰੀ ਹੇਮਕੁੰਟ ਸਾਹਿਬ ਜਾਣਾ ਹੈ ਤਾਂ ਇਹ ਤਰੀਕ ਕਰ ਲਉ ਨੋਟ

‘ਦ ਖ਼ਾਲਸ ਬਿਊਰੋ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ 22 ਮਈ ਤੋਂ ਸ਼ੁਰੂ ਹੋ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਟਰੱਸਟੀਆਂ ਨੇ ਭਾਰਤੀ ਫ਼ੌਜ ਅਤੇ ਆਪਣੇ ਦਲਾਂ ਵੱਲੋਂ ਕੀਤੇ ਗਏ ਨਿਰੀਖਣਾਂ ਤੋਂ ਬਾਅਦ ਉੱਤਰਾਖੰਡ ਪ੍ਰਸ਼ਾਸਨ ਨੇ ਵਿਚਾਰ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਪਾਟ 22 ਮਈ ਨੂੰ ਸਵੇਰੇ 10:30 ਵਜੇ ਖੋਲ੍ਹ ਦਿੱਤੇ ਜਾਣਗੇ।

ਸ਼ਰਧਾਲੂਆਂ ਦੀ ਸਹੂਲਤ ਦੇ ਲਈ ਟਰੱਸਟ ਵੱਲੋਂ ਆਪਣੇ ਸਾਰੇ ਗੁਰਦੁਆਰੇ, ਧਰਮਸ਼ਾਲਾਵਾਂ ਵਿੱਚ ਰੱਖ ਰਖਾਅ ਦੇ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਭਾਰਤੀ ਫ਼ੌਜ ਵੀ ਅਪ੍ਰੈਲ ਮਹੀਨੇ ਦੇ ਦੂਸਰੇ ਹਫ਼ਤੇ ਵਿੱਚ ਬਰਫ਼ ਕੱਟਣ ਦਾ ਕੰਮ ਸ਼ੁਰੂ ਕਰੇਗੀ। ਪ੍ਰਬੰਧਕਾਂ ਨੇ ਕਿਹਾ ਕਿ ਸਥਾਨਕ ਨਾਗਰਿਕ, ਪ੍ਰਸ਼ਾਸਨ ਅਤੇ ਗੁਰਦੁਆਰਾ ਟਰੱਸਟ ਦੇ ਸਾਰੇ ਟਰੱਸਟੀ ਅਤੇ ਸੇਵਾਦਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਦੇ ਲਈ ਤਤਪਰ ਹੈ। ਹਰ ਸਾਲ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਉਂਦੀ ਹੈ। ਰਸਤੇ ਵਿੱਚ ਸ਼ਰਧਾਲੂਆਂ ਦੇ ਲਈ ਗੋਬਿੰਦਘਾਟ ਅਤੇ ਗੋਬਿੰਦ ਧਾਮ ਵਿੱਚ 24 ਘੰਟੇ ਲੰਗਰ ਸੇਵਾ ਅਤੇ ਹੋਰ ਸਹੂਲਤਾਂ ਦੇ ਨਾਲ ਢੁੱਕਵੇਂ ਪ੍ਰਬੰਧ ਕੀਤੇ ਜਾਂਦੇ ਹਨ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਉੱਤਰਾਖੰਡ ਦੇ ਚਮੋਲੀ ਜ਼ਿਲ੍ਹਾ ਵਿੱਚ ਸਥਿਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ 15,200 ਫੁੱਟ ਦੀ ਉਚਾਈ ‘ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਸਥਿਤ ਹੈ ਅਤੇ ਵਿਸ਼ਵ ਦੇ ਸਭ ਤੋਂ ਉੱਚੇ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇੱਥੇ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਬਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਦਸਮ ਗ੍ਰੰਥ ਮੁਤਾਬਕ ਇਹ ਉਹ ਥਾਂ ਹੈ, ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਬਲੇ ਜਨਮ ਵਿੱਚ ਭਗਤੀ ਕੀਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਪ ਅਸਥਾਨ ਹੋਣ ਦੇ ਕਾਰਨ, ਸਿੱਖ ਧਰਮ ਦੇ ਲੋਕਾਂ ਦਾ ਇਸ ਅਸਥਾਨ ਪ੍ਰਤੀ ਅਥਾਹ ਸਤਿਕਾਰ ਹੈ।