Punjab

ਪੰਜਾਬੀ ਯੂਨੀਵਰਸਿਟੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦੋ ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਹੁਤ ਜਲਦ ਹੀ ਪੰਜਾਬੀ ਯੂਨੀਵਰਸਿਟੀ ਦੀ ਵਿੱਦਿਆ ਕਰਜ਼ਾ ਮੁਕਤ ਕਰਨ ਦੀ ਗਾਰੰਟੀ ਦਿੱਤੀ ਹੈ। ਮਾਨ ਨੇ ਕਿਹਾ ਕਿ ਅਸੀਂ ਕਰਜ਼ਈ ਵਿੱਦਿਆ ਵਿੱਚੋਂ ਕੀ ਭਾਲਾਂਗੇ। ਕਿਸੇ ਨੂੰ ਪੈਸੇ ਕਰਕੇ ਉਚੇਰੀ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਪਵੇਗਾ। ਮਾਨ ਨੇ ਸਿੱਖਿਆ ਖੇਤਰ ਦੇ ਮੌਜੂਦਾ ਹਾਲਾਤਾਂ ਉੱਤੇ ਤੰਜ ਕੱਸਦਿਆਂ ਕਿਹਾ ਕਿ ਸਕੂਲ ਅਧਿਆਪਕਾਂ ਖੁਣੋਂ ਖਾਲੀ ਪਏ ਹਨ ਪਰ ਸਕੂਲ ਦੇ ਸਾਹਮਣੇ ਦੀਆਂ ਪਾਣੀ ਦੀਆਂ ਟੈਂਕੀਆਂ ਅਧਿਆਪਕਾਂ ਨਾਲ ਭਰੀਆਂ ਪਈਆਂ ਹਨ। ਵਿੱਦਿਆ ਦਾ ਮਿਆਰ ਵਰਲਡ ਕਲਾਸ ਕੀਤਾ ਜਾਵੇਗਾ। ਅਸੀਂ ਕਿਸੇ ਨੂੰ ਬਦਲਾਖੋਰੀ ਵਿੱਚ ਤੰਗ ਕਰਨ ਲਈ ਨਹੀਂ ਆਏ।

ਮਾਨ ਨੇ ਦੂਜਾ ਫੈਸਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਤੋਂ ਪੜਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ। ਮੌਜੂਦਾ ਹਾਲਾਤ ਤਾਂ ਇਹੋ ਜਿਹੇ ਬਣ ਗਏ ਹਨ ਕਿ ਅਧਿਆਪਕਾਂ ਤੋਂ ਪੜਾਈ ਤੋਂ ਬਿਨਾਂ ਬਾਕੀ ਸਾਰਾ ਕੰਮ ਕਰਵਾਇਆ ਜਾਂਦਾ ਹੈ। ਮਾਨ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਹੈ, ਇਸਨੂੰ ਅਸੀਂ ਛੱਡ ਕੇ ਨਹੀਂ ਜਾਣਾ। ਮਾਨ ਨੇ ਕਿਹਾ ਕਿ ਦੇਸ਼ ਵਾਸਤੇ ਕੰਮ ਕਰਨਾ ਹੈ, ਜਿਸ ਵਿੱਚ ਪੰਜਾਬ ਇੱਕ ਨਗ ਹੈ, ਜਿਸਨੂੰ ਅਸੀਂ ਸਾਰਿਆਂ ਨੇ ਇਕੱਠਾ ਹੋ ਕੇ ਮੁੜ ਚਮਕਾਉਣਾ ਹੈ। ਗੋਰੇ ਇੱਥੇ ਆ ਕੇ ਤੁਹਾਡੇ ਨਾਲ ਫੋਟੋਆਂ ਖਿਚਵਾਉਣਗੇ।