Punjab

ਨਰਮੇ ਵਾਲੇ ਕਿਸਾਨਾਂ ਨੂੰ ਹੱਥੀਂ ਚੈੱਕ ਵੰਡਣ ਮਾਨਸਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮਾਨਸਾ ਪਹੁੰਚੇ ਅਤੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਨਰਮਾ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ। ਬਾਕੀ ਜਿਨ੍ਹਾਂ ਵੀ ਕਿਸਾਨਾਂ ਦੀ ਫਸਲ ਬਰਬਾਦ ਹੋਈ ਹੈ, ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਭੇਜ ਦਿੱਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇ ਤੁਹਾਨੂੰ ਖਾਤੇ ਨਾਲ ਸਬੰਧਿਤ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਸਾਡੇ ਕਿਸੇ ਵੀ ਵਿਧਾਇਕ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਜੇ ਕੋਈ ਕਮਿਸ਼ਨ ਮੰਗਦਾ ਹੈ ਤਾਂ ਤੁਹਾਡੇ ਕੋਲ ਇੱਕ ਨੰਬਰ ਤਾਂ ਹੈ ਹੀ। ਇਹ ਬਹੁਤ ਹੀ ਛੋਟਾ ਜਿਹਾ ਫੰਕਸ਼ਨ ਰੱਖਿਆ ਹੈ ਕਿਉਂਕਿ ਇਹ ਕੋਈ ਖ਼ੁਸ਼ੀ ਦਾ ਫੰਕਸ਼ਨ ਨਹੀਂ ਹੈ। ਇੱਥੇ ਦੁੱਖਾਂ ਨੂੰ ਥੋੜਾ ਜਿਹਾ ਵੰਡਾਇਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਮੈਂ ਇੱਥੇ ਕੋਈ ਸ਼ਕਤੀ ਪ੍ਰਦਰਸ਼ਨ ਜਾਂ ਫਿਰ ਕਿਸੇ ਦੀ ਨਿੰਦਾ ਚੁਗਲੀ ਕਰਨ ਲਈ ਨਹੀਂ ਆਇਆ। ਜਿਨ੍ਹਾਂ ਕਿਸਾਨਾਂ ਨੂੰ ਆਪਣੀਆਂ ਪੁੱਤਾਂ ਵਾਂਗੂੰ ਪਾਲੀਆਂ ਫ਼ਸਲਾਂ ਨੂੰ ਘਰੇ ਲਿਆਉਣ ਜਾਂ ਮੰਡੀ ਲੈ ਕੇ ਜਾਣ ਦਾ ਮੌਕਾ ਨਹੀਂ ਮਿਲਿਆ, ਅੱਜ ਉਨ੍ਹਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ ਜੋ ਰਕਮ ਜਾਰੀ ਕੀਤੀ ਹੈ, ਉਹ ਵੰਡਣ ਆਏ ਹਾਂ। ਭਗਵੰਤ ਮਾਨ ਨੇ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਦੱਸਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਖੇਤੀ ਨਾਲ ਸਬੰਧਿਤ ਉਚਾਰੀਆਂ ਤੁਕਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਖੇਤੀ ਨੂੰ ਸਭ ਤੋਂ ਉੱਪਰ , ਵਪਾਰ ਨੂੰ ਮੱਧਮ ਅਤੇ ਨੌਕਰੀ ਕਰਨ ਨੂੰ ਤੀਜੇ ਨੰਬਰ ਉੱਤੇ ਰੱਖਿਆ ਗਿਆ ਸੀ। ਪਰ ਸਮਿਆਂ ਦੀਆਂ ਸਰਕਾਰਾਂ ਨੇ ਬਿਲਕੁਲ ਉਲਟ ਕਰ ਦਿੱਤਾ। ਅੱਜ ਅਸੀਂ ਚਾਕਰੀ ਕਰਨ ਵਾਸਤੇ ਆਪਣੀ ਜ਼ਮੀਨ ਵੇਚਣ ਨੂੰ ਤਿਆਰ ਹਾਂ। ਮਾਨ ਨੇ ਇਸਦਾ ਕਾਰਨ ਵੀ ਦੱਸਦਿਆਂ ਕਿਹਾ ਕਿ ਸਰਕਾਰਾਂ ਨੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੋਈ ਕਦਮ ਨਹੀਂ ਚੁੱਕਿਆ, ਸਿਰਫ਼ ਆਪਣੇ ਹੀ ਘਰ ਭਰੇ।

ਮਾਨ ਨੇ ਕਿਹਾ ਕਿ ਪਿਛਲੀ ਵਾਰ ਚਿੱਟੀ ਸੁੰਡੀ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ, ਕਈਆਂ ਘਰਾਂ ਵਿੱਚ ਸੱਥਰ ਵਿਛ ਗਏ ਸਨ। ਉਸ ਨੁਕਸਾਨ ਲਈ ਸਾਡੀ ਕਿਸਮਤ ਜ਼ਿੰਮੇਵਾਰ ਨਹੀਂ ਸੀ। ਇਸਦੇ ਲਈ ਉਹ ਜ਼ਿੰਮੇਵਾਰ ਸਨ ਜਿਨ੍ਹਾਂ ਨੇ ਨਕਲੀ ਬੀਜ ਅਤੇ ਨਕਲੀ ਸਪਰੇਆਂ ਦੀਆਂ ਡੀਲਾਂ ਕੀਤੀਆਂ ਸਨ। ਮਾਨ ਨੇ ਕਿਹਾ ਕਿ ਫ਼ਸਲ ਪਾਲਣ ਸਮੇਂ ਅਸੀਂ ਆਪਣੀ ਮਿਹਨਤ ਵਿੱਚ ਕੋਈ ਕਸਰ ਨਹੀਂ ਛੱਡਦੇ, ਸੱਪਾਂ ਦੀਆਂ ਸਿਰੀਆਂ ਮਿੱਧਦੇ ਹਾਂ। ਮਾਨ ਨੇ ਚਿੱਟੀਆਂ ਸੁੰਡੀਆਂ ਜਾਂ ਫਿਰ ਗੁਲਾਬੀ ਸੁੰਡੀਆਂ ਦੇ ਨਾਂ ਉੱਤੇ ਖਾਧੇ ਗਏ ਕਰੋੜਾਂ ਰੁਪਏ ਦੀ ਜਾਂਚ ਕਰਨ ਦਾ ਵੀ ਦਾਅਵਾ ਕੀਤਾ ਹੈ। ਮਾਨ ਨੇ ਕਿਹਾ ਕਿ ਮੈਂ ਖੁਦ ਖੇਤੀ ਕਰਦਾ ਰਿਹਾ ਹਾਂ, ਇਸ ਕਰਕੇ ਮੈਨੂੰ ਇਕੱਲੀ ਇਕੱਲੀ ਗੱਲ ਦਾ ਪਤਾ ਹੈ।

ਮਾਨ ਨੇ ਲੋਕਾਂ ਤੋਂ ਥੋੜਾ ਸਮਾਂ ਹੋਰ ਮੰਗਦਿਆਂ ਕਿਹਾ ਕਿ ਹੁਣ ਤੱਕ ਸਰਕਾਰਾਂ ਨੇ ਅੰਨਦਾਤੇ ਨੂੰ ਭਿਖਾਰੀ ਬਣਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਖੇਤੀ ਨੂੰ ਘਾਟੇ ਦਾ ਸੌਦਾ ਨਹੀਂ ਰਹੇਗਾ, ਖੇਤੀ ਖੇਤਰ ਵਿੱਚ ਇਹੋ ਜਿਹੀਆਂ ਤਕਨੀਕਾਂ ਲਿਆਉਣ ਦਾ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਖੇਤੀ ਕਰਨ ਵਿੱਚ ਮਾਣ ਮਹਿਸੂਸ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਸਮੇਤ ਬਾਹਰਲੀਆਂ ਯੂਨੀਵਰਸਿਟੀਆਂ ਦੇ ਨਾਲ ਗੱਲ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜੇ ਸਾਡੀ ਫ਼ਸਲ ਨੂੰ ਕੋਈ ਸੁੰਡੀ ਲੱਗ ਜਾਵੇ ਤਾਂ ਸਰਕਾਰ ਵੱਲੋਂ ਸਾਨੂੰ ਕੋਈ ਦੱਸਣ ਹੀ ਨਹੀਂ ਆਉਂਦਾ। ਅਸੀਂ ਤਾਂ ਇੱਕ ਦੂਜੇ ਨੂੰ ਸਲਾਹਾਂ ਦੇ ਕੇ ਆਪਣੀ ਫ਼ਸਲ ਨੂੰ ਸਪਰੇਅ ਕਰਦੇ ਹਾਂ।

ਮਾਨ ਨੇ ਕਿਹਾ ਕਿ ਇਨ੍ਹਾਂ ਨੇ ਖ਼ਜ਼ਾਨੇ ਨੂੰ ਜੋ ਸੰਗਲੀਆਂ ਮਾਰੀਆਂ ਹੋਈਆਂ ਹਨ, ਉਹ ਸਾਰੀਆਂ ਖੋਲਣੀਆਂ ਹਨ ਅਤੇ ਫਿਰ ਉਹ ਖ਼ਜ਼ਾਨਾ ਜਨਤਾ ਦੇ ਲਈ ਖੋਲਣਾ ਹੈ। ਮਾਨ ਨੇ ਕਿਹਾ ਕਿ ਇਸ ਸਿਸਟਮ ਨੂੰ ਠੀਕ ਕਰਨ ਵਿੱਚ ਥੋੜਾ ਸਮਾਂ ਲੱਗੇਗਾ। ਸਾਰੇ ਕੰਮ ਹੋਣਗੇ। ਮਾਨ ਨੇ ਮੀਡੀਆ ਕਰਮੀਆਂ ਨੂੰ ਬਿਨਾਂ ਤੱਥਾਂ ਨੂੰ ਜਾਣੇ ਖ਼ਬਰਾਂ ਨਾ ਚਲਾਉਣ ਦੀ ਵੀ ਅਪੀਲ ਕੀਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਮਾਨਸਾ ਵਿਖੇ ਹੋਏ ਮੁਆਵਜ਼ਾ ਵੰਡ ਸਮਾਰੋਹ ਮੌਕੇ ਬੁਢਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪਾਣੀ ਦੀ ਘਾਟ ਕਾਰਨ ਬਠਿੰਡੇ ਦੀ ਧਰਤੀ ਬੰਜਰ ਹੋਣ ਦਾ ਵਾਸਤਾ ਪਾਇਆ। ਉਨ੍ਹਾਂ ਨੇ ਭਗਵੰਤ ਮਾਨ ਨੂੰ ਕਿਹਾ ਕਿ ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ਨੂੰ ਪਾਣੀ ਦਾ ਬਣਦਾ ਹਿੱਸਾ ਨਹੀਂ ਮਿਲ ਰਿਹਾ ਜਿਸ ਕਰਕੇ ਫ਼ਸਲ ਪਾਲਣੀ ਮੁਸ਼ਕਿਲ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ ਵਿੱਚ ਕਈ ਕਈ ਮਹੀਨੇ ਉੱਥੋਂ ਦੀਆਂ ਨਹਿਰਾਂ ਸੁੱਕੀਆਂ ਰਹਿੰਦੀਆਂ ਹਨ। ਕਿਸਾਨਾਂ ਦੇ ਲਈ ਫਸਲਾਂ ਪਾਲਣੀਆਂ ਮੁਸ਼ਕਿਲ ਹੋ ਗਈਆਂ ਹਨ ਕਿਉਂਕਿ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਅਤੇ ਡੂੰਘਾ ਵੀ ਹੋ ਰਿਹਾ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਮੱਦ ਲਿਜਾ ਕੇ ਮਾਲਵੇ ਲਈ ਪਾਣੀ ਦਾ ਹਿੱਸਾ ਵਧਾਉਣ ਦੀ ਮੰਗ ਕੀਤੀ।

ਮਾਨਸਾ ਦੇ ਵਿਧਾਇਕ ਅਤੇ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਤੋਂ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਸਹਿਯੋਗ ਮੰਗਿਆ। ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਅਦੇ ਪੂਰੇ ਕੀਤੇ ਜਾ ਸਕਣਗੇ। ਉਂਝ, ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਵਧੇਰੇ ਸਮਾਂ ਮੁੱਖ ਮੰਤਰੀ ਦੇ ਸੋਹਲੇ ਗਾਉਣ ਉੱਤੇ ਲਾਇਆ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਮਾਨ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਫਾਰਮੂਲਾ ਲਾਗੂ ਕਰਨ ਦੇ ਐਲ਼ਾਨ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਮਾਨਸਾ ਦੇ ਕਿਸਾਨਾਂ ਨੂੰ ਮੁਆਵਜ਼ਾ ਰਕਮ ਦੇਣ ਲਈ ਅੱਜ ਦਾ ਫੰਕਸ਼ਨ ਰੱਖ ਕੇ ਕਿਸਾਨਾਂ ਦੀ ਦੁੱਖਦੀ ਰਗ ਉੱਤੇ ਹੱਥ ਧਰਿਆ ਹੈ।