‘ਦ ਖ਼ਾਲਸ ਬਿਊਰੋ :ਤਕਨੀਕੀ ਸਹੂਲਤਾਂ ਨੇ ਜਿਥੇ ਆਮ ਲੋਕਾਂ ਦੀ ਸਹੂਲਤ ਵਧਾਈ ਹੈ,ਉਥੇ ਇਸ ਨਾਲ ਆਨਲਾਈਨ ਧੋਖਾਧੜੀ ਤੇ ਸਾਈਬਰ ਕਰਾਈਮ ਦੇ ਮਾਮਲੇ ਕਾਫ਼ੀ ਵੱਧ ਰਹੇ ਹਨ। ਜਿਸ ਦੇ ਚੱਲਦਿਆਂ ਮਾਨਸਾ ਪੁਲਿਸ ਨੇ ਇੱਕ ਪਹਿਲਕਦਮੀ ਕੀਤੀ ਹੈ। ਉਹਨਾਂ ਆਮ ਲੋਕਾਂ ਨੂੰ ਸ਼ਿਕਾਇਤ ਕਰਨ ਲਈ ਸਾਈਬਰ ਹੈਲਪ ਡੈਸਕ ਵਿੰਡੋ ਸ਼ੁਰੂ ਕੀਤੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਲਈ ਅਸੀਂ ਆਪਣੇ ਸਾਈਬਰ ਸੈੱਲ ਵਿੱਚ 24 ਘੰਟੇ ਚੱਲਣ ਵਾਲੀ ਹੈਲਪਲਾਈਨ ਸ਼ੁਰੂ ਕੀਤੀ ਹੈ, ਜਿਸ ਦਾ ਮੁੱਖ ਮਕਸਦ ਇਹ ਹੈ ਕਿ ਕੋਈ ਵੀ ਵਿਅਕਤੀ ਜੋ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ, ਉਹ ਇੱਥੇ ਬਣੀ ਵਿੰਡੋ ‘ਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਨਪੜ੍ਹ ਹੈ ਜਾਂ ਸ਼ਿਕਾਇਤ ਦਰਜ ਕਰਵਾਉਣ ਵਿੱਚ ਕੋਈ ਦਿੱਕਤ ਪੇਸ਼ ਆ ਰਹੀ ਹੈ ਤਾਂ ਇੱਥੇ ਤਾਇਨਾਤ ਸਟਾਫ਼ ਉਸ ਦੀ ਮਦਦ ਕਰੇਗਾ।
ਸਾਈਬਰ ਸੈੱਲ ਵਿੱਚ ਤਾਇਨਾਤ ਮੁਲਾਜ਼ਮ ਸਬੰਧਤ ਏਜੰਸੀ ਨੂੰ ਸ਼ਿਕਾਇਤ ਈਮੇਲ ਰਾਹੀਂ ਕਰਨਗੇ ਤਾਂ ਜੋ ਸ਼ਿਕਾਇਤਕਰਤਾ ਨਾਲ ਹੋ ਰਹੀ ਧੋਖਾਧੜੀ ਨੂੰ ਰੋਕਿਆ ਜਾ ਸਕੇ ਅਤੇ ਸ਼ਿਕਾਇਤਕਰਤਾ ਨੂੰ ਉਸ ਦੀ ਰਕਮ ਮਿਲ ਸਕੇ।
ਇਹ ਸਾਰੀ ਸਹੂਲਤ ਆਮ ਲੋਕਾਂ ਲਈ ਸ਼ੁਰੂ ਕੀਤੀ ਗਈ ਹੈ ਅਤੇ ਹਰ ਕੋਈ ਇਸ ਦੀ ਵਰਤੋਂ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਕੋਈ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੁੰਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜੇਕਰ ਕੋਈ ਆਨਲਾਈਨ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਸਾਨੂੰ ਇਸ ਬਾਰੇ ਸੂਚਿਤ ਕਰੋ, ਅਸੀਂ ਉਸ ਦੀ ਮਦਦ ਕਰਾਂਗੇ।