‘ਦ ਖ਼ਾਲਸ ਬਿਊਰੋ :ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਹਿੰਮਤ ਹੈ ਤਾਂ ਸਮੇਂ ‘ਤੇ ਐਮਸੀਡੀ ਚੋਣਾਂ ਕਰਵਾਓ ਅਤੇ ਜਿੱਤ ਕੇ ਦਿਖਾਓ, ਅਸੀਂ ਰਾਜਨੀਤੀ ਛੱਡ ਦੇਵਾਂਗੇ।’ ਉਹਨਾਂ ਕਿਹਾ ਕਿ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਾਉਂਦੀ ਭਾਜਪਾ ਦਿੱਲੀ ਦੀ ਇੱਕ ਛੋਟੀ ਪਾਰਟੀ ਤੋਂ ਡਰ ਗਈ ਹੈ।
ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਨੂੰ ਮੁਲਤਵੀ ਕਰਨਾ ਉਨ੍ਹਾਂ ਸ਼ਹੀਦਾਂ ਦਾ ਅਪਮਾਨ ਹੈ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਦੇਸ਼ ‘ਚੋਂ ਭਜਾ ਕੇ ਦੇਸ਼ ‘ਚ ਲੋਕਤੰਤਰ ਸਥਾਪਿਤ ਕਰਨ ਲਈ ਕੁਰਬਾਨੀਆਂ ਦਿੱਤੀਆਂ। ਅੱਜ ਉਹ ਹਾਰ ਦੇ ਡਰੋਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਮੁਲਤਵੀ ਕਰ ਰਹੇ ਹਨ, ਕੱਲ੍ਹ ਉਹ ਰਾਜਾਂ ਅਤੇ ਦੇਸ਼ ਦੀਆਂ ਚੋਣਾਂ ਮੁਲਤਵੀ ਕਰ ਦੇਣਗੇ।
ਗੱਲਬਾਤ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਅੱਜ ਤੱਕ ਕੋਈ ਅਜ਼ਾਦੀ ਨਹੀਂ ਸੀ ਕਿ ਸਰਕਾਰ ਆ ਕੇ ਚੋਣਾਂ ਖਤਮ ਕਰ ਦੇਵੇ। ਇਸ ਦੇਸ਼ ਦੇ ਅੰਦਰ, ਲੋਕਾਂ ਨੂੰ ਸਰਕਾਰ ਚੁਣਨ ਦਾ ਬੁਨਿਆਦੀ ਅਧਿਕਾਰ ਹੈ। ਸ਼ਹੀਦਾਂ ਦੀ ਸ਼ਹਾਦਤ ਨਾਲ ਨਾ ਖੇਡੋ, ਸੰਵਿਧਾਨ ਨਾਲ ਨਾ ਖੇਡੋ। ਅੱਜ ਅਸੀਂ ਕਹਿ ਰਹੇ ਹਾਂ ਕਿ ਅਸੀਂ ਤਿੰਨਾਂ ਨਗਰ ਨਿਗਮਾਂ ਨੂੰ ਇਕਜੁੱਟ ਕਰਨਾ ਹੈ, ਇਸ ਲਈ ਅਸੀਂ ਚੋਣਾਂ ਮੁਲਤਵੀ ਕਰ ਰਹੇ ਹਾਂ। ਕੀ ਇਸ ਆਧਾਰ ‘ਤੇ ਚੋਣਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ?
ਮੈਂ ਪ੍ਰਧਾਨ ਮੰਤਰੀ ਜੀ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਕੱਲ ਨੂੰ ਭਾਜਪਾ ਹੋਵੇ ਜਾਂ ਆਮ ਆਦਮੀ ਪਾਰਟੀ, ਮੋਦੀ ਜੀ ਜਾਂ ਕੇਜਰੀਵਾਲ ਰਹੇ ਜਾਂ ਨਾ, ਇਸ ਦੇਸ਼ ਨੂੰ ਬਚਾਇਆ ਜਾਵੇ। ਤੁਸੀਂ ਛੋਟੀ ਜਿਹੀ ਚੋਣ ਜਿੱਤਣ ਲਈ ਇਸ ਦੇਸ਼ ਦੇ ਸਿਸਟਮ ਨਾਲ ਖੇਡ ਰਹੇ ਹੋ। ਇਹ ਬਿਲਕੁਲ ਸਵੀਕਾਰਯੋਗ ਨਹੀਂ ਹੈ।
ਦਿੱਲੀ ਦੇ ਉਪ ਰਾਜਪਾਲ ਦੇ ਹੁਕਮਾਂ ਅਨੁਸਾਰ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦੀਆਂ ਚੋਣਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਜਿਸ ‘ਤੇ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਭਾਜਪਾ ਨੂੰ ਘੇਰ ਰਹੀ ਹੈ। ‘ਆਪ’ ਦਾ ਦਾਅਵਾ ਹੈ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਤੋਂ ਡਰਦੀ ਹੈ, ਇਸ ਲਈ ਉਨ੍ਹਾਂ ਨੇ ਚੋਣ ਮੁਲਤਵੀ ਕਰ ਦਿੱਤੀਆਂ ਹਨ। ਹੁਣ ਇਸੇ ਕਰਕੇ ਇਸ ਮੁੱਦੇ ‘ਤੇ ‘ਆਪ’ ਅਤੇ ਭਾਜਪਾ ਆਹਮੋ-ਸਾਹਮਣੇ ਆ ਗਈਆਂ ਹਨ।
ਕੇਂਦਰ ਸਰਕਾਰ ਦੱਖਣੀ ਦਿੱਲੀ ਨਗਰ ਨਿਗਮ, ਉੱਤਰੀ ਦਿੱਲੀ ਨਗਰ ਨਿਗਮ ਅਤੇ ਪੂਰਬੀ ਦਿੱਲੀ ਨਗਰ ਨਿਗਮ ਨੂੰ ਮਿਲਾ ਕੇ ਦਿੱਲੀ ਨਗਰ ਨਿਗਮ ਦੀ ਮੁੜ ਸਥਾਪਨਾ ਕਰਨਾ ਚਾਹੁੰਦੀ ਹੈ। ਜਿਸ ਦੇ ਬਾਰੇ ‘ਆਪ’ ਦਾ ਦਾਅਵਾ ਹੈ ਕਿ ਇਸ ਨਾਲ ਦਿੱਲੀ ਨਗਰ ਨਿਗਮ ‘ਚ ਸੀਟਾਂ ਦੀ ਗਿਣਤੀ ਘਟੇਗੀ, ਜਿਸ ਕਾਰਨ ਸਾਰੇ ਵਾਰਡਾਂ ਦੀ ਹੱਦਬੰਦੀ ਦਾ ਕੰਮ ਇਕ ਵਾਰ ਫਿਰ ਤੋਂ ਸ਼ੁਰੂ ਹੋ ਜਾਵੇਗਾ ਜੋ ਕਿ ਲੰਮਾ ਸਮਾਂ ਚੱਲ ਸਕਦਾ ਹੈ।