Punjab

ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਆਮ ਲੋਕਾਂ ਲਈ ਬਣਿਆ ਪਰੇਸ਼ਾਨੀ ਦਾ ਸਬੱਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਖਤਮ ਹੁੰਦਿਆਂ ਹੀ ਭੀੜ ਘਰਾਂ ਨੂੰ ਛਿੜ ਪਈ। ਸ਼ਹਿਰ ਦੇ ਚਾਰੇ ਪਾਸੇ ਕਈ ਕਈ ਮੀਲ ਲੰਬੇ ਜਾਮ ਲੱਗ ਗਏ। ਨਵਾਂਸ਼ਹਿਰ ਤੋਂ ਚੰਡੀਗੜ੍ਹ ਅਤੇ ਜਲੰਧਰ ਨੂੰ ਜਾਂਦੀਆਂ ਸੜਕਾਂ ਉੱਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਜਿਹੜਾ ਕਿ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ। ਕੁੱਝ ਥਾਵਾਂ ਤੋਂ ਐਂਬੂਲੈਂਸਾਂ ਨੂੰ ਵੀ ਲੰਘਣ ਲਈ ਥਾਂ ਨਾ ਮਿਲ ਸਕੀ। ਸ਼ਹਿਰ ਵਿੱਚ ਹਜ਼ਾਰਾਂ ਦੀ ਗਿਣਤੀ ਤਾਇਨਾਤ ਪੁਲਿਸ ਵੀ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਅਸਫ਼ਲ ਰਹੀ। ਭੀੜ ਕਾਰਨ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਵੀ ਚੰਡੀਗੜ੍ਹ ਦੇ ਰਸਤੇ ਵਿੱਚ ਕਈ ਥਾਂ ਰੁਕਣਾ ਪਿਆ, ਜਿਸ ਕਰਕੇ ਉਹ ਆਪਣਾ ਅਹੁਦਾ ਸੰਭਾਲਣ ਲਈ ਵੀ ਸਕੱਤਰੇਤ ਮਿੱਥੇ ਸਮੇਂ ਪੱਛੜ ਕੇ ਪੁੱਜੇ।

ਮੁੱਖ ਮੰਤਰੀ ਨੇ ਅਹੁਦੇ ਦੀ ਸਹੁੰ ਲੈਣ ਤੋਂ ਬਾਅਦ ਆਪਣੇ ਸੰਖੇਪ ਭਾਸ਼ਣ ਦੇ ਅੰਤ ਵਿੱਚ ਹਾਲਾਂਕਿ ਲੋਕਾਂ ਨੂੰ ਭੱਜਦੌੜ ਨਾ ਪਾਉਣ ਅਤੇ ਆਰਾਮ ਨਾਲ ਜਾਣ ਦੀ ਤਾਕੀਦ ਕੀਤੀ ਸੀ। ਪਰ ਲੋਕਾਂ ਨੇ ਮੁੱਖ ਮੰਤਰੀ ਦੀ ਅਪੀਲ ਨੂੰ ਅਣਸੁਣਿਆ ਕਰ ਦਿੱਤਾ ਲੱਗਦਾ ਹੈ। ਭੀੜ ਵਿੱਚ ਕਈ ਵਿਧਾਇਕਾਂ ਅਤੇ ਖ਼ਾਸ ਮਹਿਮਾਨਾਂ ਦੇ ਵੀ ਜਾਮ ਵਿੱਚ ਫਸਣ ਦੀ ਸੂਚਨਾ ਹੈ। ਭਗਵੰਤ ਮਾਨ ਨੇ ਅੱਜ 28ਵੇਂ ਮੁੱਖ ਮੰਤਰੀ ਵਜੋਂ ਸੂਬੇ ਦੀ ਵਾਗਡੋਰ ਸੰਭਾਲੀ ਹੈ।