Punjab

ਹਾਰ ਤੋਂ ਬਾਅਦ ਕਾਂਗਰਸ ਦਾ ਵਧਿਆ ਕ ਲੇਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਚੱਲਦਾ ਆ ਰਿਹਾ ਕਲੇਸ਼ ਕਰਾਰੀ ਹਾਰ ਤੋਂ ਬਾਅਦ ਹੋਰ ਤੇਜ਼ ਹੋ ਗਿਆ ਹੈ। ਪਾਰਟੀ ਦੇ ਵੱਡੇ ਆਗੂ ਇੱਕ-ਦੂਜੇ ਖਿਲਾਫ਼ ਹੀ ਖੁੱਲ੍ਹ ਕੇ ਨਿੱਤਰ ਆਏ ਹਨ ਅਤੇ ਹਾਰ ਦੀ ਠੀਕਰਾ ਇੱਕ-ਦੂਜੇ ਦੇ ਸਿਰ ਭੰਨ ਰਹੇ ਹਨ। ਨਵਜੋਤ ਸਿੱਧੂ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੂੰ ਨੀਵਾਂ ਕਰਨ ਵਾਲੇ ਖੁਦ ਹੀ ਖੂਹ ਵਿੱਚ ਡਿੱਗ ਗਏ। ਤਿੰਨ ਚਾਰ ਤਾਂ ਮੁਖ ਮੰਤਰੀ ਹੀ ਭੁਗਤ ਗਏ।

ਉੱਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਚਰਨਜੀਤ ਸਿੰਘ ਚੰਨੀ ਉੱਤੇ ਨਿਸ਼ਾਨਾ ਕੱਸ ਰਹੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਚੰਨੀ ਦੇ ਘਰੋਂ 10 ਕਰੋੜ ਰੁਪਏ ਫੜੇ ਗਏ ਹਨ, 25 ਕਰੋੜ ਰੁਪਏ ਉਨ੍ਹਾਂ ਦੇ ਅਕਾਊਂਟ ਵਿੱਚ ਪਏ ਹਨ, ਉਸਦਾ ਉਹ ਜਵਾਬ ਨਹੀਂ ਦੇ ਸਕੇ ਕਿ ਕਿੱਥੋਂ ਆਏ ਹਨ। ਇਸ ਕਰਕੇ ਕਾਂਗਰਸ ਪਾਰਟੀ ਤਾਂ ਭੁਗਤ ਗਈ।

ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੱਧੂ ਦੇ ਸਿਰ ਹਾਰ ਦਾ ਠੀਕਰਾ ਭੰਨਦਿਆਂ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਨੂੰ ਹਰਾਉਣਾ ਚਾਹੁੰਦੇ ਸਨ। ਸਿੱਧੂ ਨੇ ਕਾਂਗਰਸ ਦੀ ਬਰਬਾਦੀ ਦੇ ਲਈ ਹੀ ਕੰਮ ਕੀਤਾ। ਸਾਡਾ ਤਾਂ ਉਸਨੇ ਮਰਡਰ ਹੀ ਕਰ ਦਿੱਤਾ।

ਉੱਧਰ ਰਵਨੀਤ ਬਿੱਟੂ ਨੇ ਕਾਂਗਰਸੀ ਵਰਕਰਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਸਾਡੇ ਲੀਡਰਾਂ ਦੇ ਕਰਕੇ ਕਾਂਗਰਸ ਹਾਰੀ ਹੈ। ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਹੌਂਸਲਾ ਰੱਖਣ ਦੀ ਅਪੀਲ ਕੀਤੀ। ਗੁਰਜੀਤ ਔਜਲਾ ਨੇ ਕਿਹਾ ਕਿ ਆਪਣੀਆਂ ਖਵਾਹਿਸ਼ਾਂ ਪੂਰੀਆਂ ਕਰਨ ਦੇ ਲਈ ਜਦੋਂ ਅਸੀਂ ਆਪਣੇ ਆਪ ਨੂੰ ਉਭਾਰਨ ਲੱਗ ਪਏ ਤਾਂ ਪਾਰਟੀ ਪਿੱਛੇ ਰਹਿ ਗਈ। ਜਿਸ ਕਰਕੇ ਲੋਕਾਂ ਨੇ ਇਹ ਫੈਸਲਾ ਲਿਆ।

ਸ਼ਮਸ਼ੇਰ ਦੂਲੋ ਨੇ ਕਿਹਾ ਕਿ ਇੰਨੀਆਂ ਸੀਟਾਂ ਹਾਰਨ ਦਾ ਕਾਰਨ ਇਹੀ ਹੈ ਕਿ ਉਨ੍ਹਾਂ ਨੇ ਸਾਡੀ ਸੋਚ, ਸਾਡੇ ਸੁਝਾਅ ਨੂੰ ਦਰਕਿਨਾਰ ਕੀਤਾ ਹੈ ਅਤੇ ਮਾਫੀਆ ਦੇ ਥੱਲੇ ਲੱਗ ਗਏ। ਟਿਕਟਾਂ ਵੇਚੀਆਂ ਗਈਆਂ। ਸੁਰਜੀਤ ਧਿਮਾਨ ਨੇ ਕਿਹਾ ਕਿ ਸਾਡੇ ਪੰਜਾਬ ਦੇ ਪ੍ਰਧਾਨ ਨੇ ਇੱਕ ਗੱਲ ਕਹੀ ਸੀ ਕਿ ਸਾਨੂੰ 35-40 ਟਿਕਟਾਂ ਮਾੜੇ ਲੋਕਾਂ ਦੀਆਂ ਕੱਟਣੀਆਂ ਪੈਣਗੀਆਂ। ਪਰ ਹਾਈਕਮਾਂਡ ਨੇ ਉਨ੍ਹਾਂ ਦੀ ਗੱਲ ਨੂੰ ਅੱਖੋਂ ਪਰੋਖੇ ਕਰ ਦਿੱਤਾ। ਜਿਹੜੀਆਂ ਟਿਕਟਾਂ ਸਿੱਧੂ ਨੇ ਕੱਟਣ ਲਈ ਕਿਹਾ ਸੀ, ਉਹ ਟਿਕਟਾਂ ਦਿੱਤੀਆਂ ਗਈਆਂ, ਇਸਦਾ ਮਤਲਬ ਕਿ ਟਿਕਟਾਂ ਵੇਚੀਆਂ ਗਈਆਂ ਸਨ।