‘ਦ ਖ਼ਾਲਸ ਬਿਊਰੋ : ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਸ਼ਹੀਦ ਭਗਤ ਸਿੰਘ ਨਗਰ ਪੁਲੀਸ ਨੇ ਖਟਕੜ ਕਲਾਂ ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਆਮ ਲੋਕਾਂ ਦੀ ਸਹੂਲਤ ਅਤੇ ਸਮਾਗਮ ਵਿੱਚ ਪੁੱਜਣ ਵਾਲਿਆਂ ਲਈ ਰੂਟ ਪਲਾਨ ਜਾਰੀ ਕੀਤਾ ਹੈ। ਇਸ ਪਲਾਨ ਅਨੁਸਾਰ ਸਹੁੰ ਚੁੱਕ ਸਮਾਗਮ ਵਿੱਚ ਪਹੁੰਚਣ ਵਾਲੇ ਜ਼ਿਲ੍ਹਾ ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਮੋਗਾ, ਮੁਕਤਸਰ ਸਾਹਿਬ ਅਤੇ ਫਰੀਦਕੋਟ ਦੇ ਲੋਕਾਂ ਨੂੰ ਲੁਧਿਆਣਾ ਤੋਂ ਫਗਵਾੜਾ ਅਤੇ ਬੰਗਾ ਰਾਹੀਂ ਜਾਂ ਨਕੋਦਰ ਤੋਂ ਫਗਵਾੜਾ ਤੇ ਬੰਗਾ ਰਾਹੀਂ ਖਟਕੜ ਕਲਾਂ ਆਉਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਜਲੰਧਰ, ਅੰਮ੍ਰਿਤਸਰ, ਤਰਨ ਤਾਰਨ ਅਤੇ ਕਪੂਰਥਲਾ ਦੇ ਲੋਕਾਂ ਨੂੰ ਫਗਵਾੜਾ ਬਾਈਪਾਸ ਤੋਂ ਬੰਗਾ ਰਾਹੀਂ ਖਟਕੜ ਕਲਾਂ ਪੁੱਜਣ ਦੀ ਸਲਾਹ ਦਿੱਤੀ ਗਈ ਹੈ।
ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਬਟਾਲਾ ਦਾ ਦੇ ਲੋਕਾਂ ਨੂੰ ਹੁਸ਼ਿਆਰਪੁਰ ਤੋ ਗੜ੍ਹਸ਼ੰਕਰ ਅਤੇ ਮਹਿੰਦੀਪੁਰ ਬਾਈਪਾਸ ਹੁੰਦੇ ਹੋਏ ਖਟਕੜ ਕਲਾਂ ਪਹੁੰਚਣ ਲਈ ਕਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਸੰਗਰੂਰ, ਮਾਨਸਾ ਅਤੇ ਬਰਨਾਲਾ ਵਾਲੇ ਲੋਕ ਜ਼ਿਲ੍ਹਾ ਲੁਧਿਆਣਾ ਤੋਂ ਬਾਅਦ ਫਿਲੌਰ ਰਾਹੀਂ ਬੰਗਾ ਤੋਂ ਹੁੰਦੇ ਹੋਏ ਖਟਕੜ ਕਲਾਂ ਆ ਸਕਦੇ ਹਨ। ਦੂਜੇ ਪਾਸੇ ਜ਼ਿਲ੍ਹਾ ਐੱਸਏਐੱਸ ਨਗਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਰੂਪਨਗਰ ਵਾਲੇ ਲੋਕਾਂ ਨੂੰ ਬਲਾਚੌਰ ਤੋਂ ਹੁੰਦੇ ਹੋਏ ਲੰਗੜੋਆ ਬਾਈਪਾਸ ਰਾਹੀਂ ਖਟਕੜ ਕਲਾਂ ਪਹੁੰਚ ਸਕਦੇ ਹਨ।
ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਆਮ ਲੋਕ ਹੁਸ਼ਿਆਰਪੁਰ ਤੋਂ ਬਲਾਚੌਰ ਰਾਹੀਂ ਰੂਪਨਗਰ ਹੁੰਦੇ ਹੋਏ ਚੰਡੀਗੜ੍ਹ ਜਾ ਸਕਦੇ ਹਨ ਜਾਂ ਜਲੰਧਰ ਤੋਂ ਲੁਧਿਆਣਾ ਹੁੰਦੇ ਹੋਏ ਚੰਡੀਗੜ੍ਹ ਜਾਂਣ ਦਾ ਰਸਤਾ ਠੀਕ ਹੈ। ਇਵੇਂ ਹੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੇ ਲੋਕ ਲੁਧਿਆਣਾ ਤੋਂ ਫਗਵਾੜਾ ਤੇ ਜਲੰਧਰ ਹੁੰਦੇ ਹੋਏ ਅੱਗੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਮੁਹਾਲੀ ਅਤੇ ਬਲਾਚੌਰ ਤੋਂ ਗੜ੍ਹਸ਼ੰਕਰ ਹੁੰਦੇ ਹੋਏ ਵਾਇਆ ਹੁਸ਼ਿਆਰਪੁਰ, ਜਲੰਧਰ/ਅੰਮ੍ਰਿਤਸਰ ਵੀ ਜਾਇਆ ਜਾ ਸਕਦਾ ਹੈ। ਹੋਲਾ ਮਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਜਲੰਧਰ ਤੋਂ ਫ਼ਗਵਾੜਾ, ਮੇਹਟੀਆਣਾ ਅਤੇ ਗੜ੍ਹਸ਼ੰਕਰ ਤੋਂ ਹੁੰਦੀ ਹੋਈ ਅਨੰਦਪੁਰ ਸਾਹਿਬ ਜਾ ਸਕਦੀ ਹੈ।