Punjab

ਆਪ ਦੇ ਵਿਧਾਇਕਾਂ ‘ਚ ਬਹੁਤੇ ਚੰਗੀ ਵਿਦਿਅਕ ਯੋਗਤਾ ਵਾਲੇ

‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਹੈ।ਇਸ ਦੋਰਾਨ ਜਿਥੇ ਨਵੇਂ ਰਿਕਾਰਡ ਬਣੇ ਹਨ,ਉਥੇ ਕਈ ਨਵੀਆਂ ਹੋਰ ਗੱਲਾਂ ਵੀ ਦੇਖਣ ਨੂੰ ਮਿਲੀਆਂ ਹਨ। ਆਪ ਦੇ ਚੋਣ ਲੜਨ ਵਾਲੇ 117 ਉਮੀਦਵਾਰਾਂ ‘ਚੋਂ ਕਈ ਜਾਣੇ ਡਾਕਟਰ ਹਨ। ਇਹ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਕਿ ਪੰਜਾਬ ਵਿਧਾਨ ਸਭਾ ‘ਚ ਪੇਸ਼ੇ ਵਜੋਂ ਡਾਕਟਰ ਵਿਧਾਇਕ ਬੈਠਣਗੇ। ਇਹਨਾਂ ਵਿੱਚ ਡਾ: ਸੁਖਵਿੰਦਰ ਕੁਮਾਰ ਸੁੱਖੀ ਬੰਗਿਆਂ ਤੋਂ,ਡਾ: ਰਾਜ ਕੁਮਾਰ ਚੱਬੇਵਾਲ ਤੋਂ,ਡਾ: ਕਸ਼ਮੀਰ ਸਿੰਘ ਸੋਹਲ ਤਰਨ ਤਾਰਨ ਤੋਂ,ਡਾ: ਰਵਜੋਤ ਸਿੰਘ ਸ਼ਾਮਚੁਰਾਸੀ ਤੋਂ,ਡਾ: ਚਰਨਜੀਤ ਸਿੰਘ ਚਮਕੌਰ ਸਾਹਿਬ ਤੋਂ , ਡਾ: ਜਸਬੀਰ ਸਿੰਘ ਸੰਧੂ-ਅੰਮ੍ਰਿਤਸਰ ਤੋਂ, ਡਾ: ਅਜੈ ਗੁਪਤਾ-ਅੰਮ੍ਰਿਤਸਰ ਤੋਂ,ਡਾ: ਵਿਜੇ ਕੁਮਾਰ-ਮਾਨਸਾ ਤੋਂ,ਡਾ: ਬਲਜੀਤ ਕੌਰ-ਮਲੋਟ ਤੋਂ,ਡਾ: ਅਮਨਦੀਪ ਅਰੋੜਾ ਮੋਗਾ ਤੋਂ,ਡਾ ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ ਇਸ ਲਿਸਟ ਵਿੱਚ ਸ਼ਾਮਿਲ ਹਨ।

ਡਾਕਟਰ ਪੇਸ਼ੇਵਰਾਂ ਤੋਂ ਇਲਾਵਾ ਆਪ ਦੇ ਹੋਰ ਸਾਂਸਦਾ ਵਿੱਚ ਕਾਫ਼ੀ ਜਾਣਿਆਂ ਕੋਲ ਮਾਸਟਰ ਤੇ ਪੀਐਚਡੀ ਵਰਗੀਆਂ ਡਿੱਗਰੀਆਂ ਹਨ। ਇਸ ਨੂੰ ਪੰਜਾਬ ਲਈ ਇੱਕ ਖੁਸ਼ੀ ਭਰਿਆ ਸ਼ਗਨ ਮੰਨਿਆ ਜਾ ਸਕਦਾ ਹੈ ਕਿਉਂਕਿ ਹੁਣ ਜੇਕਰ ਪੰਜਾਬ ਨੂੰ ਵੱਧ ਪੜੇ ਲਿਖੇ ਤੇ ਕਾਬਿਲ ਵਿਧਾਇਕ ਮਿਲਦੇ ਹਨ ਤਾਂ ਯਕੀਨਨ ਤੋਰ ਤੇ ਪੰਜਾਬ ਦੀ ਕਾਇਆ ਪਲਟ ਸਕਦੀ ਹੈ।
ਇਹਨਾਂ ਚੋਣਾਂ ਵਿੱਚ ਇਹ ਵੀ ਗੱਲ ਦੇਖਣ ਨੂੰ ਮਿਲੀ ਹੈ ਕਿ ਪੰਜਾਬ ਦੀ ਸਿਆਸੀ ਅਖਾੜੇ ਦੇ ਕਹਿੰਦੇ-ਕਹਾਉਂਦੇ ਯੋਧਿਆਂ ਨੂੰ ਉਹਨਾਂ ਲੋਕਾਂ ਨੇ ਮਾਤ ਦਿਤੀ ਹੈ ਜਿਹਨਾਂ ਦੀ ਸਿਆਸੀ ਪਾਰੀ ਦੀ ਹਾਲੇ ਸ਼ੁਰੂਆਤ ਹੋਈ ਹੈ ਤੇ ਉਹਨਾਂ ਦਾ ਪਿਛੋਕੜ ਵੀ ਕਿਸੇ ਵੱਡੇ ਘਰਾਣੇ ਦਾ ਨਾ ਹੋ ਕੇ ਬਹੁਤ ਸਾਧਾਰਣ ਹੈ।