ਕਮਲਜੀਤ ਸਿੰਘ ਬਨਵੈਤ / ਗੁਰਪ੍ਰੀਤ ਸਿੰਘ
‘ਦ ਖ਼ਾਲਸ ਬਿਊਰੋ : ਭਗਵੰਤ ਦੇ ਵਿਅੰਗ ਬੜੇ ਤਿੱਖੇ ਰਹੇ ਨੇ, ਲੋਕਾਂ ਨੇ ਇਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ । ਉਹਦੇ ਮੇਹਣੇ ਹਾਸਿਆ ‘ਚ ਵਿੱਚ ਗੁਆਚਦੇ ਰਹੇ । ਉਂਝ ਉਹਦੀ ਹਰੇਕ ਐਲਬਮ ਧੂੜਾਂ ਪੱਟਦੀ ਰਹੀ ਹੈ। ਸਿਆਸਤ ਵਿੱਚ ਉਹਦੀ ਬੋਲਬਾਣੀ ਉਹੋ ਜਿਹੀ ਰਹੀ। ਪੰਜਾਬ ਦੀਆਂ ਸਿਆਸੀ ਸਟੇਜਾ ਹੋਣ ਜਾਂ ਮੁਲਕ ਦੀ ਲੋਕ ਸਭਾ ਉਹਨੇ ਕਿਸੇ ਨਾਢੂ ਖਾਂ ਨੂੰ ਨਹੀਂ ਬਖਸ਼ਿਆ। ਸਭ ਤੋਂ ਵੱਧ ਉਹਦੀ ਸੂਈ ਬਾਦਲਾੰ ‘ਤੇ ਆ ਟਿਕਦੀ ਹੈ।
ਸਿਆਸਤ ਦੇ ਗੁਰ ਭਗਵੰਤ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਉਦੋਂ ਸਿੱਖਣੇ ਸੁਰੂ ਕੀਤੇ ਜਦੋਂ ਉਹਨੇ ਪੀਪਲਜ਼ ਪਾਰਟੀ ਆਫ ਪੰਜਾਬ ਰਾਹੀਂ ਸਿਆਸਤ ਦੀ ਪੌੜੀ ਦੇ ਪਹਿਲੇ ਡੰਡੇ ‘ਤੇ ਪੈਰ ਧਰਿਆ ਸੀ। ਪੀਪਲਜ਼ ਪਾਰਟੀ ਆਫ ਪੰਜਾਬ ਜਦੋਂ ਡੁੱਬਣ ਲੱਗ ਗਈ ਤਾਂ ਮਨਪ੍ਰੀਤ ਸਿੰਘ ਬਾਦਲ ਛਾਲ ਮਾਰ ਕੇ ਕਾਂਗਰਸ ਦੀ ਬੇੜੀ ਵਿੱਚ ਸਵਾਰ ਹੋ ਗਏ। ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਮਨਪ੍ਰੀਤ ਬਾਦਲ ਜਦੋਂ ਭਗਵੰਤ ਨੂੰ ਚੁਰਾਹੇ ‘ਤੇ ਖੜਿਆਂ ਛੱਡ ਗਏ ਤਾਂ ਉਹਨੇ ਸੋਚਿਆਂ ਵੀ ਨਹੀਂ ਹੋਣਾ ਕਿ ਉਹ ਜਿਸ ਦਿਨ ਪੰਜਾਬ ਦਾ ਮੁੱਖ ਮੰਤਰੀ ਬਣੂ ਉਹਦਾ ਆਪਣਾ ਪੱਤਣ ਸ਼ੁਰੂ ਹੋਊ। ਨਵਜੋਤ ਸਿੰਘ ਸਿੱਧੂ ਜਦੋਂ ਇੱਕ ਕੌਮੀ ਟੀਵੀ ਦੇ ਲਾਫਟਰ ਚੈਲੇਂਜ ਸ਼ੋਅ ਵਿੱਚ ਭਗਵੰਤ ਮਾਨ ਦੀ ਸਕਿਟ ‘ਚ ਨੁਕਸ ਕੱਢਦੇ ਸਨ ਤਾਂ ਉਨ੍ਹਾਂ ਦੇ ਮਨ ‘ਚ ਕਹਿੜਾ ਕਦੇ ਆਇਆ ਹੋਣਾ ਕਿ ਜਿਸ ਦਿਨ ਭਗਵੰਤ ਦੇ ਘਰ ਘਿਉ ਦੇ ਦੀਵੇ ਬਲਣਗੇ ਉਹਦੇ ਘਰ ਦੀਆਂ ਬੱਤੀਆਂ ਬੁੱਝ ਜਾਣਗੀਆਂ ।
ਮਾਂ ਹਰਪਾਲ ਕੌਰ ਅਤੇ ਪਿਤਾ ਮਹਿੰਦਰ ਸਿੰਘ ਦੇ ਘਰ ਜਨਮੇ ਭਗਵੰਤ ਮਾਨ ਨੇ 12ਵੀਂ ਪਾਸ ਕਰਨ ਤੋਣ ਬਾਅਦ ਗੌਰਮਿੰਟ ਕਾਲਜ ਸੁਨਾਮ ਵਿਖੇ ਬੀਕੌਮ ਭਾਗ ਪਹਿਲਾਂ ਵਿੱਚ ਦਾਖਲਾ ਲੈ ਲਿਆ। ਉਹਦਾ ਮਨ ਪੜ੍ਹਾਈ ‘ਚ ਨਾ ਟਿਕਿਆ ਤਾਂ ਉਹ ਕਲਾਕਾਰੀ ਵੱਲ ਨੂੰ ਹੋ ਤੁਰਿਆ। ਉਹਨੇ ਆਪਣੀ ਪਹਿਲੀ ਐਲਬਮ ਕੁਲਫੀ ਗਰਮਾ ਗਰਮ ਤੋਂ ਬਾਅਦ ਅੱਧੀ ਦਰਜਨ ਕੈਸਟਾ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਜਿਨ੍ਹਾਂ ਹਲਾਤਾਂ ‘ਤੇ ਕਟਾਖਸ ਕਰਦਾ ਰਿਹਾ ਉਸਨੂੰ ਹੀ ਸਿੱਧੇ ਰਾਹ ਪਾਉਣ ਦਾ ਉਦੋਂ ਹੀ ਧਾਰ ਲਈ ਸੀ। ਆਪ ਵਿੱਚ ਉਹਦੇ ਬੜੇ ਸਾਰੇ ਕੌੜੇ ਮਿੱਠੇ ਤਜਰਬੇ ਰਹੇ ਪਰ 10 ਸਾਲਾਂ ਦੀ ਮਿਹਨਤ ਪਿੱਛੋਂ ਉਹਦਾ ਹੱਥ ਮੁੱਖ ਮੰਤਰੀ ਦੀ ਕੁਰਸੀ ਨੂੰ ਜਾ ਢੁਕਿਆ ਹੈ। ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਜਦੋਂ ਉਹਨੇ ਅਕਾਲੀ ਦਲ ਦੇ ਥੰਮ ਸੁਖਦੇਵ ਸਿੰਘ ਢੀਂਡਸਾ ਨੂੰ ਸੁੱਟ ਲਿਆ ਤਾਂ ਉਹਦੀ ਗੁੱਡੀ ਸੱਤਵੇਂ ਅਸਮਾਨ ਵਿੱਚ ਚੜਨ ਲੱਗੀ। ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵਿ4ਚ ਉਹ ਪੰਜਾਬ ਨਹੀਂ ਮੁਲਕ ਭਰ ਵਿੱਚੋਂ ਜਿੱਤ ਦੇ ਝੰਡੇ ਗੱਡਣ ਵਾਲਾ ਆਪ ਦਾ ਇੱਕੋ ਇੱਕ ਉਮੀਦਵਾਰ ਸੀ। ਫਰ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪਾਰਲੀਮੈਂਟ ਵਿੱਚ ਅੱਟ ਸਾਲਾਂ ਤੋਂ ਜਿਵੇਂ ਉਹ ਗਰਜ ਰਿਹਾ ਹੈ, ਲੋਕ ਸਭਾ ਦਾ ਸਪੀਕਰ ਉਹਨੂੰ ਬੋਲਣ ਲਈ ਸਮਾਂ ਦੇਣ ਤੋਂ ਪਹਿਲਾਂ ਸੌ-ਸੌ ਬਹਾਨੇ ਘੜਦਾ ਹੈ।
ਪਿੰਡ ਸਤੌਜ ਦੇ 41 ਸਾਲਾ ਗੱਭਰੂ ਭਗਵੰਤ ਤੋਂ ਪੰਜਾਬੀਆਂ ਨੂੰ ਬੜੀਆਂ ਉਮੀਦਾਂ ਹਨ। ਪੰਜਾਬ ਉਹ ਦੇ ਸਿਰ ‘ਤੇ ਮੁੱਖ ਮੰਤਰੀ ਦੀ ਤਾਜ ਧਰ ਕੇ ਵੀ ਮੁਹਰੇ ਵੱਡੀਆਂ ਚੁਣੌਤੀਆਂ ਲਈ ਖੜ੍ਹਾ ਹੈ। ਇਨ੍ਹਾ ਚੁਣੌਤੀਆਂ ਨੂੰ ਚਿੱਤ ਕਰਨ ਲਈ ਉਹਨੂੰ ਲੋਕਾਂ ਦੇ ਸਹਿਯੋਗ ਦੇ ਨਾਲ ਨਾਲ ਪਾਰਟੀ ਹਾਈਕਮਾਂਡ ਦੇ ਥਾਪੜੇ ਦੀ ਵੱਡੀ ਲੋੜ ਹੈ। ਆਪ ਦੇ ਕੇਂਦਰ ਨਾਲ ਚੱਲਦੇ ਕੌੜੇ ਕੁਸੈਲੇ ਸਬੰਧਾਂ ਕਰਕੇ ਮੁੱਖ ਮੰਤਰੀ ਦੀ ਕੁਰਸੀ ਫੱਲਾਂ ਦੀ ਸੇਜ ਨਹੀਂ। ਲੋਕਾਂ ਨੇ ਆਮ ਆਦਮੀ ਨੂੰ ਮੁੱਖ ਮੰਤਰੀ ਚੁਣਿਐ, ਆਮ ਆਦਮੀ ਬਣ ਕੇ ਹੀ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਜਾ ਸਕਣੈ। ਨਹੀਂ ਤਾਂ ਉਪਰ ਚੁੱਕਣ ਵਾਲੇ ਪੰਜਾਬੀ ਧੋਬੀ ਪਟਕਾ ਮਾਰਨ ਨੂੰ ਬਿੰਦ ਨਹੀਂ ਲਾਉਦੇ। ਕਾਂਗਰਸੀਆਂ ਅਤੇ ਅਕਾਲੀਆਂ ਤੋਂ ਭਲਾ ਬੇਹਤਰ ਕੌਣ ਜਾਣਦੈ।
ਸੰਪਰਕ- 98147-34035