Punjab

ਇਤਿਹਾਸ ਦੀ ਵਿਵਾਦਤ ਕਿਤਾਬ ਬਾਰੇ ਬੋਰਡ ਨੇ ਸਰਕਾਰ ਨੂੰ ਸੌਂਪੀ ਸੀਲਬੰਦ ਰਿਪੋਰਟ

‘ਦ ਖ਼ਾਲਸ ਬਿਊਰੋ :ਬਾਰ੍ਹਵੀਂ ਜਮਾਤ ਨਾਲ ਸਬੰਧਤ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਗੁਰੂਆਂ ਤੇ ਸ਼ਹੀਦਾਂ ਬਾਰੇ ਗਲਤ ਸ਼ਬਦਾਵਲੀ ਛਾਪਣ ਸੰਬੰਧੀ ਚੱਲ ਰਹੇ ਵੱਡੇ ਵਿਵਾਦ ਦੀ ਜਾਂਚ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ । ਇਸ ਕਮੇਟੀ ਨੇ ਆਪਣੀ ਸੀਲਬੰਦ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਗੁਰੂ ਸਾਹਿਬਾਨ ਬਾਰੇ ਵਿਵਾਦਤ ਤੱਥਾਂ ਬਾਰੇ ਕਾਫ਼ੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸੀ,ਜਿਸ ਤੋਂ ਬਾਅਦ ਬੋਰਡ ਨੇ ਸਾਬਕਾ ਆਈਪੀ ਮਲੋਹਤਰਾ ਦੀ ਅਗਵਾਈ ’ਚ ਕਮੇਟੀ ਦਾ ਗਠਨ ਕੀਤਾ ਸੀ ।ਇਸ ਕਮੇਟੀ ਨੇ 700 ਤੋਂ ਵਧੇਰੇ ਪੰਨਿਆਂ ਦੀ ਰਿਪੋਰਟ ਬਣਾਈ ਹੈ ਜਿਸ ਨੂੰ ਸਿੱਖਿਆ ਸਕੱਤਰ ਪੰਜਾਬ ਨੂੰ ਸੌਂਪਿਆ ਗਿਆ ਹੈ ।
ਹੁਣ ਅੱਗੇ ਇਸ ਰਿਪੋਰਟ ਸੰਬੰਧੀ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਦੀ ਰਾਇ ਲੈ ਕੇ ਅੱਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਡਾ. ਯੋਗਰਾਜ ਪੜਤਾਲ ਦੇ ਖੁਲਾਸਿਆਂ ਸੰਬੰਧੀ ਕੀਤੇ ਸਵਾਲ ਤੇ ਚੁੱਪ ਹੀ ਰਹੇ ਪਰ ਉਹਨਾਂ ਇਹ ਜਰੂਰ ਕਿਹਾ ਕਿ ਪੜਤਾਲ ਕਮੇਟੀ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ ਜਿਸ ’ਤੇ ਹੁਣ ਫ਼ੈਸਲਾ ਲੈਣ ਦਾ ਅਧਿਕਾਰ ਸਰਕਾਰ ਕੋਲ ਹੈ।
ਇਸ ਰਿਪੋਰਟ ਨਾਲ ਐੱਸਐੱਸ ਮਾਨ ਵੱਲੋਂ ਲਿਖੀ ਗਈ ਇਸ ਕਿਤਾਬ ’ਚ ਬਾਕਾਇਦਾ ਤੌਰ ’ਤੇ ਪੁਰਾਣੇ ਇਤਿਹਾਸਕ ਪੱਖਾਂ ਤੋਂ ਇਲਾਵਾ ਹੁਣ ਛਾਪੇ ਗਏ ਇਤਿਹਾਸ ਦੇ ਖਰੜੇ ਵੀ ਭੇਜੇ ਗਏ ਹਨ। ਇਸ ਤੋਂ ਬਾਦ ਵਿੱਚ ਹੋਰ ਵਿਵਾਦਤ ਇਤਿਹਾਸ ਦੀਆਂ ਕਿਤਾਬਾਂ ਬਾਰੇ ਵੇਰਵਿਆਂ ਦੀ ਰਿਪੋਰਟ ਆਉਣੀ ਵੀ ਬਾਕੀ ਹੈ।
ਇਹ ਮਾਮਲਾ ਉਦੋਂ ਜਿਆਦਾ ਚਰਚਾ ਵਿੱਚ ਆਇਆ ਸੀ ਜਦੋਂ ਕਿਸਾਨ ਜਥੇਮਬੰਦੀਆਂ ਤੇ ਆਮ ਲੋਕਾਂ ਵੱਲੋਂ ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਦੇ ਦਫ਼ਤਰ ਅਗੇ ਅਣਮਿਥੇ ਸਮੇਂ ਲਈ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਧਰਨਾ ਸ਼ੁਰੂ ਕਰ ਦਿਤਾ ਗਿਆ ਸੀ ਜੋ ਕਿ ਹਾਲੇ ਵੀ ਜਾਰੀ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਸਿਖਿਆ ਮੰਤਰੀ ਪ੍ਰਗਟ ਸਿੰਘ ਨੇ ਵੀ ਇਸ ਧਰਨੇ ਵਿੱਚ ਧਰਨਾਕਾਰੀਆਂ ਨਾਲ ਮੁਲਾਕਾਤ ਕਰਕੇ ਇਹ ਵਾਇਦਾ ਕੀਤਾ ਸੀ ਕਿ ਦੋਸ਼ੀਆਂ ਵਿਰੁਧ ਜਲਦੀ ਕਾਰਵਾਈ ਹੋਵੇਗੀ ਤੇ ਕਸੂਰਵਾਰਾਂ ਨੂੰ ਬਣਦੀ ਸਜ਼ਾ ਜਰੂਰ ਮਿਲੇਗੀ।