Punjab

ਸਿੱਖਿਆ ਮੰਤਰੀ ਨੇ ਸਕੂਲ ਬੋਰਡ ਦੇ  ਚੇਅਰਮੈਨ ਨੂੰ ਕੀਤਾ ਤਲਬ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਇਤਿਹਾਸ ਦੀਆਂ ਕਿਤਾਬਾਂ ਵਿੱਚ  ਸਿੱਖ ਗੁਰੂਆਂ ਬਾਰੇ ਛਪੇ ਕੂੜ ਪ੍ਰਚਾਰ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸਮੇਤ ਦੂਜੇ ਅਧਿਕਾਰੀਆਂ ਨੂੰ ਦੋ ਮਾਰਚ ਲਈ ਤਲਬ ਕਰ ਲਿਆ ਹੈ। ਸਿੱਖਿਆ ਮੰਤਰੀ ਨੇ ਅੱਜ ਧਰਨੇ ਵਾਲੀ ਥਾਂ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਮੰਗ ਪੱਤਰ ਵੀ ਲਿਆ। ਦਾ ਖ਼ਾਲਸ ਟੀਵੀ ਵੱਲੋਂ ਰੋਜ਼ਾਨਾ ਦੇ ਸ਼ੋਅ ਪ੍ਰਾਈਮ ਟਾਈਮ ਅਤੇ ਖ਼ਾਲਸ ਸ਼ਪੈਸ਼ਲ ਵਿੱਚ ਮੁੱਦਾ ਚੁੱਕਣ ਤੋਂ ਬਾਅਦ ਸਿੱਖਿਆ ਮੰਤਰੀ ਹਰਕਤ ਵਿੱਚ ਆਏ ਹਨ। ਦਾ ਖ਼ਾਲਸ ਟੀਵੀ ਨੇ ਕੇਅਰਟੇਕਰ ਸਿੱਖਿਆ ਮੰਤਰੀ ਨੂੰ ਉਨਾਂ ਦੀ ਜਿੰਮੇਵਾਰੀ ਪ੍ਰਤੀ ਅਗਾਹ ਕੀਤਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਪ੍ਰਦਰਸ਼ਨਕਾਰੀਆਂ ਅਤੇ ਸਿੱਖਿਆ ਮੰਤਰੀ ਵਿਚਕਾਰ ਫੋਨ ਰਾਹੀ ਗੰਭੀਰ ਮਸਲੇ ‘ਤੇ ਚਰਚਾ ਕੀਤੀ ਗਈ ਸੀ। ਸਿੱਖਿਆ ਮੰਤਰੀ ਨੇ ਸਵੇਰ ਵੇਲੇ ਹੀ ਧਰਨੇ ਵਾਲੀ ਥਾਂ ਆ ਕੇ ਉਨ੍ਹਾਂ ਦੀ ਗੱਲ ਸੁਨਣ ਦਾ ਭਰੋਸਾ ਦੇ ਦਿੱਤਾ ਸੀ । ਪੰਜਾਬ ਸਕੂਲ ਸਿੱਖਿਆ ਬੋਰਡ ਦੀ ਹਿੱਸਟਰੀ ਆਫ ਪੰਜਾਬ ਨਾਂ ਦੀ ਪੁਸਤਕ ਵਿੱਚ ਸ਼੍ਰੀ ਗੁਰੂ ਨਾਨਕ ਦੇਵ , ਸ਼੍ਰੀ ਗੁਰੂ ਅਰਜਨ ਦੇਵ , ਸ਼੍ਰੀ ਗੁਰੂ ਤੇਗ ਬਹਾਦਰ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਰੇ ਕੁਫਰ ਤੋਲਿਆ ਗਿਆ ਹੈ । ਇਹ ਪੁਸਤਕ ਕਈ ਦਹਾਕਿਆਂ ਤੋਂ ਪੰਜਾਬ ਦੇ ਸਕੂਲਾਂ ਵਿੱਚ ਪੜਾਈ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਸਿਰਸਾ ਵੱਲੋਂ ਪੁਸਤਕ ਨੂੰ ਵਾਪਸ ਲੈਣ ਅਤੇ ਲੇਖਕਾਂ ਸਮੇਤ ਵਿਸ਼ਾ ਮਾਹਿਰਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਸਕੂਲ ਬੋਰਡ ਮੂਹਰੇ ਧਰਨਾ ਸ਼ੁਰੂ ਕੀਤਾ ਗਿਆ ਹੈ। ਯੂਨੀਅਨ ਦੇ ਨੇਤਾ ਬਲਦੇਵ ਸਿੰਘ ਸਿਰਸਾ ਅਤੇ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਿੱਖਿਆ ਮੰਤਰੀ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਇੰਨਸਾਫ ਮਿਲਣ ਤੱਕ ਧਰਨਾ ਜਾਰੀ ਰਹੇਗਾ।      

Comments are closed.