‘ਦ ਖ਼ਾਲਸ ਬਿਊਰੋ : ਇਤਿਹਾਸ ਦੀਆਂ ਕਿਤਾਬਾਂ ਵਿੱਚ ਵਿਦਿਆਰਥੀਆਂ ਨੂੰ ਸਿੱਖ ਗੁਰੂਆਂ ਤੇ ਸ਼ਹੀਦਾਂ ਬਾਰੇ ਦਰਜ ਗੱਲਤ ਜਾਣਕਾਰੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸਿੱਖਿਆ ਬੋਰਡ ਦੇ ਬਾਹਰ ਚੱਲ ਰਿਹਾ ਲੜੀਵਾਰ ਧਰਨਾ ਐਤਵਾਰ ਨੂੰ 22ਵੇਂ ਦਿਨ ਵੀ ਜਾਰੀ ਰਿਹਾ। ਇਸੇ ਤਹਿਤ ਅੱਜ ਸੋਮਵਾਰ ਨੂੰ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫ਼ਤਰ ਅੱਗੇ ਸੂਬਾ ਪੱਧਰੀ ਮਹਾ ਰੈਲੀ ਕੀਤੀ ਗਈ।ਜਿਸ ਵਿੱਚ ਜਥੇਦਾਰ ਸਿਰਸਾ ਦੇ ਨਾਲ -ਨਾਲ ਲੱਖਾ ਸਿਧਾਣਾ,ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ,ਅਭਿਮੰਨਿਉ ਕੋਹਾੜ ਤੇ ਪੰਜਾਬ ,ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚੋਂ ਆਏ ਕਿਸਾਨ ਆਗੂਆਂ,ਬੁਧੀਜੀਵੀਆਂ ਤੇ ਵੱਖ-ਵੱਖ ਨਿਹੰਗ ਜਥੇਬੰਦੀਆਂ ਨੇ ਆਈ ਸੰਗਤ ਨੂੰ ਸੰਬੋਧਨ ਕੀਤਾ ਤੇ ਇਸ ਮਹਾ ਰੈਲੀ ਨੂੰ ਸਫ਼ਲ ਬਣਾਉਣ ਲਈ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਮੋਰਚੇ ਦੀ ਕਾਮਯਾਬੀ ਲਈ ਸਾਰਿਆਂ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਟੇਜ਼ ਤੋਂ ਬੋਲਦਿਆਂ ਬਲਦੇਵ ਸਿੰਘ ਸਿਰਸਾ ਨੇ ਆਈਆਂ ਸੰਗਤਾਂ ਦਾ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਐਲਾਨ ਕੀਤਾ ਕਿ ਸੰਘਰਸ਼ ਨੂੰ ਅਗੇ ਤੋਰਨ ਲਈ ਇੱਕ ਚੋਣਵੀਂ ਕਮੇਟੀ ਬਣਾਈ ਜਾਵੇਗੀ,ਜੋ ਕਿ ਬੁੱਧਵਾਰ ਤੋਂ ਆਪਣਾ ਪੜਤਾਲ ਦਾ ਕੰਮ ਸ਼ੁਰੂ ਕਰੇਗੀ।
ਇਸ ਤੋਂ ਬਾਅਦ ਹਰਿਆਣੇ ਤੋਂ ਨੌਜਵਾਨ ਕਿਸਾਨ ਨੇਤਾ ਅਭਿਮੰਨਿਉ ਕੋਹਾੜ ਨੇ ਹਰਿਆਣਾ- ਪੰਜਾਬ ਏਕਤਾ ਦੀ ਗੱਲ ਕਰਦਿਆਂ ਇਹ ਐਲਾਨ ਕੀਤਾ ਕਿ ਜੇ ਲੋੜ ਪਈ ਤਾਂ ਇਸ ਮੋਰਚੇ ਲਈ ਹਰਿਆਣੇ ਤੋਂ ਕਾਫ਼ਿਲੇ ਆਉਣਗੇ। ਨੌਜਵਾਨ ਆਗੂ ਤੇ ਸੰਯੁਕਤ ਸਮਾਜ ਮੋਰਚੇ ਦੇ ਲਈ ਚੋਣ ਲੜਨ ਵਾਲੇ ਲੱਖਾ ਸਿਧਾਣਾ ਨੇ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਸਾਨੂੰ ਆਪਣਾ ਇਤਿਹਾਸ ਦੱਸਣ ਲਈ ਸੜਕਾਂ ਤੇ ਧਰਨੇ ਲਾ ਕੇ ਬੈਠਣਾ ਪੈ ਰਿਹਾ ਹੈ। ਪੰਜਾਬ ਤੇ ਪੰਜਾਬੀਅਤ ਨੂੰ ਦਰਪੇਸ਼ ਹੋਰ ਮੁਸੀਬਤਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਹੁੱਣ ਸਿਰਫ਼ ਬਿਆਨਬਾਜੀ ਨਾਲ ਗੱਲ ਨਹੀਂ ਬਣਨੀ,ਸਗੋਂ ਡੱਟ ਕੇ ਮੋਰਚਾ ਲਾਉਣਾ ਪੈਣਾ ਹੈ।
ਇਸ ਤੋਂ ਬਾਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਡੀ ਧਾਰਮਿਕ ਲੜਾਈ ਨਹੀਂ ਹੈ ਸਗੋਂ ਸਾਡੀ ਅਗਲੀ ਪੀੜੀ ਲਈ ਹੈ। ਕੁੱਝ ਇਤਿਹਾਸਕ ਗੱਲਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਖਤਮ ਕਰਨ ਲਈ ਚਲੀਆਂ ਜਾਂਦੀਆਂ ਚਾਲਾਂ ਦਾ ਇੱਕ ਹਿੱਸਾ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੜੋ,ਲਿਖੋ ਤੇ ਸਵਾਲ ਕਰੋ ਤਾਂ ਹੀ ਲੀਡਰਾਂ ਅੰਦਰ ਡਰ ਪੈਦਾ ਹੋਵੇਗਾ।
ਸੂਬੇ ਭਰ ਤੋਂ ਆਏ ਹੋਰ ਬੁਲਾਰਿਆਂ ਨੇ ਵੀ ਆਪੋ ਆਪਣੇ ਵਿਚਾਰ ਰੱਖੇ ਤੇ ਸਮਾਪਤੀ ਤੋਂ ਪਹਿਲਾਂ ਆਈ ਸੰਗਤ ਦੀ ਹਾਜ਼ਰੀ ਵਿੱਚ 3 ਮਤੇ ਪਕਾਏ ਗਏ,ਜਿਹਨਾਂ ਵਿੱਚ ਸੰਬੰਧਤ ਅਧਿਕਾਰੀਆਂ ਤੇ ਲੇਖਕਾਂ ਨੂੰ ਸਜ਼ਾ ਦਿਵਾਉਣੀ,ਵਿਵਾਦਤ ਕਿਤਾਬਾਂ ਤੇ ਪਾਬੰਦੀ ਤੇ ਇਤਿਹਾਸ ਦੀਆਂ ਕਿਤਾਬਾਂ ਛਾਪਣ ਤੋਂ ਪਹਿਲਾਂ ਸਿੱਖ ਕਮੇਟੀਆਂ ਕੋਲੋਂ ਪ੍ਰਵਾਨਗੀ ਲੈਣ ਸੰਬੰਧੀ ਫ਼ੈਸਲੇ ਸ਼ਾਮਿਲ ਹਨ।ਇਸ ਮੌਕੇ ਸਿੱਖ ਸੰਸਥਾਵਾਂ ਤੇ ਆਮ ਸੰਗਤ ਵੱਲੋਂ ਮਿਲ ਕੇ ਲੰਗਰ ਵੀ ਲਾਏ ਗਏ।
ਸਟੇਜ਼ ਤੋਂ ਇਹ ਵੀ ਐਲਾਨ ਕੀਤਾ ਗਿਆ ਕਿ ਜੇਕਰ 5 ਮਾਰਚ ਤੱਕ ਕੋਈ ਸੁਣਵਾਈ ਨਹੀਂ ਹੋਈ ਤਾਂ ਫ਼ੇਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ ਨੂੰ ਹੀ ਜਿੰਦਰਾ ਮਾਰ ਇੱਥੇ ਪੱਕਾ ਧਰਨਾ ਲਾ ਦਿਤਾ ਜਾਵੇਗਾ।