‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਵਿਦੇਸ਼ੀ ਲੜਾਕਿਆਂ ਨਾਲ ਯੂਕਰੇਨ ਵਿੱਚ “ਵਿਦੇਸ਼ੀ ਫ਼ੌਜ” ਬਣਾਉਣ ਦਾ ਐਲਾਨ ਕੀਤਾ ਹੈ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਕਿਹਾ ਹੈ ਕਿ ਕੋਈ ਵੀ ਆ ਕੇ ਯੂਕਰੇਨ ਦੇ ਮਿਲ ਕੇ ਕੰਧੇ ਨਾਲ ਕੰਧਾ ਮਿਲਾ ਕੇ ਲੜ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਜੋ ਯੂਕਰੇਨ ਦੀ ਫ਼ੌਜ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਯੂਰਪ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਹੋਵੇ, ਉਹ ਆਵੇ ਅਤੇ ਯੂਕਰੇਨ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਰੂਸੀ ਯੁੱਧ ਅਪਰਾਧੀਆਂ ਦੇ ਖ਼ਿਲਾਫ਼ ਲੜ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਨਾਗਰਿਕ ਕਾਨੂੰਨੀ ਤੌਰ ‘ਤੇ ਯੂਕਰੇਨ ਦੀ ਫ਼ੌਜ ਵਿੱਚ ਸ਼ਾਮਿਲ ਹੋ ਸਕਦੇ ਹਨ ਅਤੇ ਇਸ ਦੇ ਲਈ ਇੱਕ ਅਲੱਗ ਯੂਨਿਟ ਬਣਾਈ ਜਾ ਰਹੀ ਹੈ, ਜਿਸਨੂੰ ਯੂਕਰੇਨ ਦੀ ਖੇਤਰੀ ਰੱਖਿਆ ਦੇ ਲਈ ਅੰਤਰਰਾਸ਼ਟਰੀ ਫ਼ੌਜ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸ ਤਰ੍ਹਾਂ ਇਸ ਲੜਾਈ ਵਿੱਚ ਯੂਕਰੇਨ ਨੂੰ ਇਕੱਲਾ ਛੱਡ ਦਿੱਤਾ ਗਿਆ ਹੈ। ਯੂਕਰੇਨ ਦੇ ਪੱਛਮੀ ਸਹਿਯੋਗੀਆਂ ਨੇ ਹਥਿਆਰ ਅਤੇ ਗੋਲਾ ਬਾਰੂਦ ਤਾਂ ਭੇਜਿਆ ਹੈ ਪਰ ਆਪਣੀ ਫ਼ੌਜ ਨਹੀਂ ਉਤਾਰੀ। ਯੂਕਰੇਨ ਨਾਟੋ ਡਿਫੈਂਸ ਅਲਾਇੰਸ ਦਾ ਹਿੱਸਾ ਨਹੀਂ ਹੈ।
ਹਾਲਾਂਕਿ, ਯੂਕਰੇਨ ਨੇ ਰੂਸੀ ਫ਼ੌਜ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋਣ ਦਾ ਦਾਅਵਾ ਵੀ ਕੀਤਾ ਹੈ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਫ਼ੌਜੀਆਂ ਨੇ ਇੱਕ ਰੂਸੀ ਮਿਜ਼ਾਇਲ ਨੂੰ ਨਸ਼ਟ ਕਰ ਦਿੱਤਾ ਹੈ। ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਮਿਜ਼ਾਇਲ ਦੇ ਨਿਸ਼ਾਨੇ ‘ਤੇ ਕੀਵ ਸੀ। ਰੂਸੀ ਫ਼ੌਜ ਇਸ ਸਮੇਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਦਾਖਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਯੂਕਰੇਨ ਦੇ ਦੱਖਣ ਵਿੱਚ ਇੱਕ ਛੋਟੇ ਸ਼ਹਿਰ ‘ਤੇ ਵੀ ਰੂਸ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ।