International

ਗੱਲਬਾਤ ਕਰਨ ਲਈ ਹੋਵੇਗੀ ਆਹ ਸ਼ਰਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) ਰੂਸ ਯੂਕਰੇਨ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਨੇ ਕਿਹਾ ਹੈ ਕਿ ਰੂਸ ਯੂਕਰੇਨ ਦੇ ਨਾਲ ਗੱਲਬਾਤ ਕਰਨ ਲਈ ਤਿਆਹ ਹੈ ਤੇ ਉਹ ਯੂਕਰੇਨ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਿਹਾ ਹੈ। ਪਰ ਯੂਕਰੇਨ ਦਾ ਕਹਿਣਾ ਹੈ ਕਿ ਬੇਲਾਰੂਸ ਵਿੱਚ ਗੱਲਬਾਤ ਸੰਭਵ ਨਹੀਂ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਜੇਕਰ ਬੇਲਾਰੂਸ ਦੀ ਧਰਤੀ ਨੂੰ ਯੂਕਰੇਨ ਉੱਪਰ ਹਮਲੇ ਲਈ ਨਾ ਵਰਤਿਆ ਗਿਆ ਹੁੰਦਾ ਤਾਂ ਸ਼ਾਇਦ ਉੱਥੇ ਗੱਲ ਹੋ ਸਕਦੀ ਸੀ।

ਬੇਲਾਰੂਸ ਵਿੱਚ ਗੱਲਬਾਤ ਲਈ ਰੂਸ ਦਾ ਵਫ਼ਦ ਪਹੁੰਚਿਆ ਹੈ ਪਰ ਜ਼ੇਲੈਂਸਕੀ ਨੇ ਬੈਲਾਰੂਸ ਵਿੱਚ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ,”ਬੇਸ਼ੱਕ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਮਿਲਣਾ ਚਾਹੁੰਦੇ ਹਾਂ, ਸ਼ਾਂਤੀ ਚਾਹੁੰਦੇ ਹਾਂ, ਰੂਸ ਨਾਲ ਗੱਲ ਕਰਨਾ ਚਾਹੁੰਦੇ ਹਾਂ। ਇਸ ਲਈ ਬੁਡਾਪੈਸਟ, ਇਸਤਾਨਬੁਲ, ਬਾਕੂ, ਵਾਰਸਾ ਵਿੱਚ ਵੀ ਗੱਲਬਾਤ ਹੋ ਸਕਦੀ ਹੈ। ਜ਼ੇਲੈਂਸਕੀ ਨੇ ਸ਼ਰਤ ਰੱਖਦਿਆਂ ਕਿਹਾ ਕਿ ਜਿਸ ਦੇਸ਼ ਦੀ ਧਰਤੀ ਸਾਡੇ ਉੱਪਰ ਮਿਜ਼ਾਈਲਾਂ ਛੱਡਣ ਲਈ ਨਾ ਵਰਤੀ ਗਈ ਹੋਵੇ, ਉੱਥੇ ਗੱਲ ਹੋ ਸਕਦੀ ਹੈ।

ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਕਿਹਾ ਕਿ ਗੱਲਬਾਤ ਦੇ ਲਈ ਰੂਸੀ ਵਫ਼ਦ ਪਹਿਲਾਂ ਹੀ ਬੇਲਾਰੂਸ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਫ਼ਦ ਵਿੱਚ ਰੂਸੀ ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ ਅਤੇ ਹੋਰ ਕਈ ਮਹਿਕਮਿਆਂ ਦੇ ਪ੍ਰਤੀਨਿਧੀ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਗੱਲਬਾਤ ਬੇਲਾਰੂਸ ਦੇ ਗੋਮੇਲ ਵਿੱਚ ਹੋ ਸਕਦੀ ਹੈ। ਦਰਅਸਲ, ਬੇਲਾਰੂਸ ਰੂਸ ਦਾ ਭਰੋਸੇਮੰਦ ਸਹਿਯੋਗੀ ਹੈ ਅਤੇ ਉਸਨੇ ਯੂਕਰੇਨ ‘ਤੇ ਰੂਸੀ ਚੜਾਈ ਦਾ ਪੂਰਾ ਸਾਥ ਦਿੱਤਾ ਹੈ।

ਰੂਸੀ ਫ਼ੌਜ ਲਗਾਤਾਰ ਅੱਗੇ ਵੱਧਦੀ ਜਾ ਰਹੀ ਹੈ ਅਤੇ ਉਹ ਰਾਜਧਾਨੀ ਕੀਵ ਦੇ ਕਰੀਬ ਪਹੁੰਚ ਗਈ ਹੈ। ਜੰ ਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਰੂਸੀ ਸਰਕਾਰ ਦੇ ਬੁਲਾਰੇ ਵੱਲੋਂ ਗੱਲਬਾਤ ਦੇ ਲਈ ਕੁੱਝ ਕਿਹਾ ਗਿਆ ਹੋਵੇ।