International

ਰੂਸ ਦੇ ਹੱਕ ‘ਚ ਇਹ ਦੇਸ਼ ਆਏ ਸਾਹਮਣੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੂਸ-ਯੂਕਰੇਨ ਸੰ ਕਟ ਹੁਣ ਲਗਭਗ ਯੁੱਧ ਦੀ ਸਥਿਤੀ ਤੱਕ ਪਹੁੰਚ ਗਿਆ ਹੈ। ਅਮਰੀਕਾ, ਬ੍ਰਿਟੇਨ ਵਰਗੇ ਦੇਸ਼ਾਂ ਨੇ ਤਾਂ ਦਾਅਵਾ ਕਰ ਦਿੱਤਾ ਹੈ ਕਿ ਯੁੱਧ ਸ਼ੁਰੂ ਹੋ ਚੁੱਕਾ ਹੈ। ਅਮਰੀਕਾ ਸਮੇਤ ਪੱਛਮੀ ਦੇਸ਼ ਰੂਸ ਦੀ ਨਿੰਦਾ ਕਰ ਰਹੇ ਹਨ, ਉੱਥੇ ਹੀ ਰੂਸੀ ਰਾਸ਼ਟਰਪਤੀ ਪੁਤਿਨ ਦੇ ਸਮਰਥਨ ‘ਚ ਵੀ ਕੁੱਝ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ। ਕਿਊਬਾ ਦੀ ਕਮਿਊਨਿਸਟ ਸਰਕਾਰ ਨੇ ਪੱਛਮੀ ਦੇਸ਼ਾਂ ‘ਤੇ ਜੰਗ ਦਾ ਪ੍ਰਚਾਰ ਕਰਨ ਅਤੇ ਰੂਸ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਉੱਤਰੀ ਕੋਰੀਆ ਵੀ ਰੂਸ ਨੂੰ ਲੈ ਕੇ ਅਮਰੀਕਾ ‘ਤੇ ਪਹਿਲਾਂ ਹੀ ਦੋਸ਼ ਲਗਾ ਚੁੱਕਾ ਹੈ। ਉੱਤਰੀ ਕੋਰੀਆ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਕਿਹਾ ਸੀ ਕਿ ਉਹ ਅਮਰੀਕਾ ਨੂੰ ਅਲੱਗ-ਥਲੱਗ ਕਰਕੇ ਕਮਜ਼ੋਰ ਕਰਨ ਦੀ ਦੁਸ਼ਮਣੀ ਵਾਲੀ ਨੀਤੀ ਅਪਣਾ ਰਿਹਾ ਹੈ। ਉੱਤਰੀ ਕੋਰੀਆ ਨੇ ਇਸ ਨੂੰ ਖਤਮ ਕਰਨ ਲਈ ਕਿਹਾ ਸੀ। ਈਰਾਨੀ ਮੀਡੀਆ ਨੇ ਵੀ ਯੂਕਰੇਨ ਮੁੱਦੇ ‘ਤੇ ਮਾਸਕੋ ਦੀ ਕਾਰਵਾਈ ‘ਤੇ ਹਮਦਰਦੀ ਜਤਾਈ ਹੈ।

ਨਿਕਾਰਾਗੁਆ ਅਤੇ ਸੀਰੀਆ ਨੇ ਦੋਨੇਤਸਕ ਤੇ ਲੁਹਾਂਸਕ ਨੂੰ ਮਾਨਤਾ ਦੇਣ ਦੇ ਰੂਸ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਰੂਸ ਨੇ ਜਿਵੇਂ ਇਨ੍ਹਾਂ ਦੋ ਵੱਖਵਾਦੀ ਬਾਗੀ ਖੇਤਰਾਂ ਨੂੰ ਮਾਨਤਾ ਦਿੱਤੀ ਹੈ, ਉਸ ਤਰ੍ਹਾਂ ਕਿਸੇ ਵੀ ਦੇਸ਼ ਨੇ ਮਾਨਤਾ ਨਹੀਂ ਦਿੱਤੀ ਹੈ। ਹਾਲਾਂਕਿ ਇੱਕ ਹੋਰ ਰੂਸ ਸਮਰਥਿਤ ਵੱਖਰੇ ਖੇਤਰ ਦੱਖਣੀ ਓਸੇਸੀਆ ਨੇ ਸਾਲ 2015 ਵਿੱਚ ਉੱਥੋਂ ਦੇ ਸ਼ਾਸਕਾਂ ਨੂੰ ਆਪਣਾ ਸਮਰਥਨ ਦਿੱਤਾ ਸੀ। ਦੱਖਣੀ ਓਸੇਸੀਆ, ਜਾਰਜੀਆ ਦਾ ਇੱਕ ਅਲੱਗ ਹਿੱਸਾ ਹੈ, ਜਿਸ ਨੂੰ ਰੂਸੀ ਫੌਜੀ ਦਖਲ ਤੋਂ ਬਾਅਦ 2008 ਵਿੱਚ ਸੁਤੰਤਰ ਐਲਾਨਿਆ ਗਿਆ ਸੀ। ਇਸ ਨੂੰ ਮਾਸਕੋ ਦੇ ਕੁੱਝ ਸਹਿਯੋਗੀਆਂ ਤੋਂ ਮਾਨਤਾ ਮਿਲੀ ਹੈ।