Punjab

LIVE : ਪੰਜਾਬ ‘ਚ ਵੋਟਾਂ ਅੱਜ, ਪਲ-ਪਲ ਦੀ ਅਪਡੇਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਅੱਜ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਮਤਦਾਨ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਗਿਆ ਹੈ ਅਤੇ ਸ਼ਾਮ ਛੇ ਵਜੇ ਤੱਕ ਵੋਟਿੰਗ ਹੋਵੇਗੀ। ਭਗਵੰਤ ਮਾਨ ਮੁਹਾਲੀ ਵਿੱਚ ਵੋਟ ਪਾਉਣ ਲਈ ਆਏ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਵਿਖੇ ਹਵਨ ਕਰਦੇ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਸੁਖਬੀਰ ਬਾਦਲ, ਚਰਨਜੀਤ ਸਿੰਘ ਅਤੇ ਭਗਵੰਤ ਆਪਣੇ-ਆਪਣੇ ਹਲਕਿਆਂ ਤੋਂ ਵੋਟ ਨਹੀਂ ਪਾ ਸਕਦੇ। ਚੰਨੀ ਭਦੌੜ ਅਤੇ ਚਮਕੌਰ ਸਾਹਿਬ ਤੋਂ, ਭਗਵੰਤ ਮਾਨ ਧੂਰੀ ਤੋਂ ਅਤੇ ਸੁਖਬੀਰ ਬਾਦਲ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਸੁਖਬੀਰ ਬਾਦਲ ਲੰਬੀ ਹਲਕੇ ਤੋਂ ਅਤੇ ਚੰਨੀ ਖਰੜ ਹਲਕੇ ਤੋਂ ਆਪਣੀ ਵੋਟ ਪਾ ਸਕਦੇ ਹਨ। ਭਗਵੰਤ ਮਾਨ ਮੁਹਾਲੀ ‘ਚ ਸਥਿਤ ਗੁਰਦੁਆਰਾ ਸਾਚਾ ਧਨ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ।

ਭਗਵੰਤ ਮਾਨ ਨੇ ਕਿਹਾ ਕਿ ਮੈਂ ਆਪਣੇ ਵੋਟ ਦਾ ਇਸਤੇਮਾਲ ਕਰ ਲਿਆ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਆਜ਼ਾਦੀ ਘੁਲਾਟੀਆਂ ਨੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ ਹੈ। ਇਸ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰੋ। ਵੋਟ ਜਿਹਨੂੰ ਮਰਜ਼ੀ ਪਾਉ, ਪਰ ਵੋਟ ਜ਼ਰੂਰ ਪਾਉ।

ਚੰਨੀ ਨੇ ਕਿਹਾ ਕਿ ਜਨਤਾ ਨੂੰ ਅਸੀਂ ਆਪਣੇ ਬਾਰੇ ਸਭ ਕੁੱਝ ਦੱਸ ਚੁੱਕੇ ਹਾਂ। ਗੁਰੂ ਸਾਹਿਬ ਦੇ ਸਾਹਮਣੇ ਅਸੀਂ ਆਪਣੇ ਆਪ ਨੂੰ ਪੂਰਾ ਸਮਰਪਿਤ ਕਰ ਦਿੱਤਾ ਹੈ। ਹੁਣ ਜਿਸ ਤਰ੍ਹਾਂ ਦਾ ਮੌਕਾ ਮਿਲੇਗਾ, ਆਉਣ ਵਾਲੀ ਸਰਕਾਰ ਲਈ ਇਹੀ ਅਰਦਾਸ ਕੀਤੀ ਹੈ ਕਿ ਸਾਨੂੰ ਨੇਕ ਅਤੇ ਇਮਾਨਦਾਰ ਨੀਤੀ, ਢੰਗ ਦੇ ਨਾਲ ਮੌਕਾ ਮਿਲੇ ਤਾਂ ਜੋਂ ਅਸੀਂ ਪੰਜਾਬ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾ ਸਕੀਏ। ਪਰਮਾਤਮਾ ਦੀ ਕਿਰਪਾ ਦੇ ਨਾਲ 2/3 ਬਹੁਮੱਤ (Majority) ਦੇ ਨਾਲ ਸਾਡੀ ਸਰਕਾਰ ਆਵੇਗੀ।

ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਗੁਰੂ ਸਾਹਿਬ ਦਾ ਕੋਟ ਆਸਰਾ ਲੈ ਕੇ ਅਸੀਂ ਵੋਟ ਪਾਉਣ ਲਈ ਆਏ ਹਾਂ। ਸਾਰਿਆਂ ਨੂੰ ਬਹੁਤ ਵਿਸ਼ਵਾਸ (Confidence) ਹੈ। ਮਾਲਵਿਕਾ ਸੂਦ ਵੋਟ ਪਾਉਣ ਲਈ ਮੋਗਾ ਪਹੁੰਚੇ ਹਨ। ਮਾਲਵਿਕਾ ਸੂਦ ਅਦਾਕਾਰ ਸੋਨੂੰ ਸੂਦ ਦੀ ਭੈਣ ਹਨ। ਕੈਬਨਿਟ ਮੰਤਰੀ ਪਰਗਟ ਸਿੰਘ ਆਪਣੇ ਪਰਿਵਾਰ ਦੇ ਨਾਲ ਜਲੰਧਰ ਕੈਂਟ ਵਿੱਚ ਵੋਟ ਪਾਉਣ ਲਈ ਪਹੁੰਚੇ ਹਨ। ਪਰਗਟ ਸਿੰਘ ਨੇ ਕਿਹਾ ਕਿ ਮੇਰੀ ਦਿਲ ਦੀ ਧੜਕਣ ਕਦੇ ਵਧੀ ਨਹੀਂ ਕਿਉਂਕਿ ਪਤਾ ਨਹੀਂ ਦਿਨ ਕਿਹੋ ਜਿਹਾ ਆਵੇਗਾ, ਸਾਰਾ ਦਿਨ ਅਰਾਮ ਨਾਲ ਹੀ ਚੱਲਦਾ। ਇਸ ਲੈਵਲ ਦੇ Competition ਖੇਡੇ ਹੋਏ ਹਨ, ਇਸ ਲਈ ਕੋਈ ਚਿੰਤਾ ਨਹੀਂ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਸ਼ਵਨੀ ਸ਼ਰਮਾ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੋਟ ਪਾਈ।

ਪਰਗਟ ਸਿੰਘ ਨੇ ਕਿਹਾ ਕਿ ਚੰਨੀ ਸਰਕਾਰ ਨੇ 111 ਦਿਨਾਂ ਵਿੱਚ ਜੋ ਕਰਕੇ ਵਿਖਾਇਆ ਹੈ, ਲੋਕਾਂ ਵਿੱਚ ਜੋ ਵਿਸ਼ਵਾਸ ਪੈਦਾ ਕੀਤਾ ਹੈ, ਉਸ ਆਧਾਰ ‘ਤੇ ਹੀ ਕਾਂਗਰਸ ਨੂੰ ਵੋਟ ਪਵੇਗੀ। ਸੁਨੀਲ ਜਾਖੜ ਨੇ ਅਬੋਹਰ ਵਿੱਚ ਵੋਟ ਪਾਈ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਜਾਗਰੂਕ ਹਨ। ਜੋ ਲੋਕ ਪੰਜਾਬ ਨੂੰ ਟੁਕੜੇ-ਟੁਕੜੇ ਕਰਕੇ ਰਾਜ ਕਰਨ ਦੇ ਸੁਪਨੇ ਵੇਖ ਰਹੇ ਹਨ, ਉਨ੍ਹਾਂ ਨੂੰ ਪੰਜਾਬ ਦੇ ਲੋਕ ਮੂੰਹ ਤੋੜ ਜਵਾਬ ਦੇਣਗੇ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਵੱਧ ਚੜ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ।

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਪਣੇ ਪਰਿਵਾਰ ਸਮੇਤ ਸੰਗਰੂਰ ਤੋਂ ਵੋਟ ਪਾਈ। ਸਿੰਗਲਾ ਦੀ ਬੇਟੀ ਨੇ ਅੱਜ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ। ਸਿੰਗਲਾ ਨੇ ਕਿਹਾ ਕਿ ਚੋਣਾਂ ਹਮੇਸ਼ਾ ਚੋਣਾਂ ਹੁੰਦੀਆਂ ਹਨ। ਜਦੋਂ ਆਪਣੇ ਇਲਾਕੇ ਦੀ ਸੇਵਾ ਸੱਚੇ-ਸੁੱਚੇ ਤਰੀਕੇ ਨਾਲ ਕੀਤੀ ਹੋਵੇ ਤਾਂ ਪਰਮਾਤਮਾ ਤੇ ਲੋਕ ਫਿਰ ਬਹੁਤ ਵੱਡਾ ਅਸ਼ੀਰਵਾਦ ਅਤੇ ਪਿਆਰ ਦਿੰਦੇ ਹਨ। ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਵੱਡੇ ਪੱਧਰ ‘ਤੇ ਪਿਆਰ ਅਤੇ ਅਸ਼ੀਰਵਾਦ ਮਿਲੇਗਾ। ਸਾਰੀਆਂ ਪਾਰਟੀਆਂ ਨੇ ਆਪਣੇ ਮੁੱਖ ਮੰਤਰੀ ਦੇ ਚਿਹਰੇ ਐਲਾਨੇ ਹੋਏ ਹਨ, ਇਹ ਲੋਕ ਤੈਅ ਕਰਨਗੇ ਕਿ ਉਹ ਕਿਸਨੂੰ ਮੌਕਾ ਦੇਣਗੇ।

ਕਾਂਗਰਸ ਨੂੰ ਲੋਕਾਂ ਦੀ ਸੇਵਾ ਕਰਨ ਦਾ ਦੁਬਾਰਾ ਮੌਕਾ ਮਿਲੇਗਾ। ਕਾਂਗਰਸ ਦੇ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿੰਡ ਬਾਦਲ ਵਿੱਚ ਵੋਟ ਪਾਈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਮੁੜ ਸੱਤਾ ਵਿੱਚ ਆਵੇਗੀ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਦੀ ਖੈਰ ਮੰਗਦਾ ਹਾਂ। ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਵੀ ਵੋਟ ਪਾਈ। ਤੁਹਾਨੂੰ ਦੱਸ ਦੇਈਏ ਕਿ ਬਸਪਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਕਰਕੇ ਚੋਣ ਲੜ ਰਹੀ ਹੈ।

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਬਾਜਵਾ ਨੇ ਕਿਹਾ ਕਿ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਅਸੀਂ ਤਕੜੇ ਹੋ ਕੇ ਕਾਮਯਾਬ ਹੋ ਕੇ ਨਿਕਲਾਂਗੇ। ਮਨੀਸ਼ ਤਿਵਾੜੀ ਨੇ ਵੀ ਵੋਟ ਪਾਈ। ਤਿਵਾੜੀ ਨੇ ਕਿਹਾ ਕਿ ਕਿਸਾਨੀ ਦੇ ਸਾਹਮਣੇ ਖੜੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ, ਜਾਤ ਧਰਮ ਤੋਂ ਉੱਪਰ ਉੱਠ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਮੁੱਖ ਰੱਖਦਿਆਂ ਸਾਰੇ ਵੋਟ ਜ਼ਰੂਰ ਪਾਉਣ।

ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਦੇਵ ਸਿੰਘ ਢੀਂਡਸਾ ਵੋਟ ਪਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਮਲੇਰਕੋਟਲਾ ‘ਚ ਹੁਣ ਤੱਕ 8 ਫ਼ੀਸਦ ਵੋਟਿੰਗ ਹੋਈ ਹੈ। ਅਮਲੋਹ ‘ਚ 12 ਫ਼ੀਸਦੀ ਵੋਟਿੰਗ ਹੋਈ ਹੈ। ਨਵਜੋਤ ਸਿੰਘ ਸਿੱਧੂ, ਬੰਟੀ ਰੋਮਾਣਾ ਨੇ ਵੋਟ ਪਾਈ। ਡਾ.ਦਲਜੀਤ ਸਿੰਘ ਚੀਮਾ ਨੇ ਵੋਟ ਪਾਈ। ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੜੀ ਖੁਸ਼ੀ ਹੈ ਕਿ ਪੋਲਿੰਗ ਦਾ ਦਿਨ ਆਇਆ। ਜਨਤਾ ਆਪਣੇ ਹੱਕ ਦਾ ਇਸਤੇਮਾਲ ਕਰੇਗੀ ਅਤੇ ਮੈਂ ਵੀ ਪਰਮਾਤਮਾ ਦਾ ਨਾਂ ਲੈ ਕੇ ਵੋਟ ਪਾਉਣ ਲਈ ਆਇਆ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਭੁਲੱਥ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਵੀ ਵੋਟ ਪਾਈ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕ ਆਪਣੀ ਵੋਟ ਦਾ ਇਸਤੇਮਾਲ ਸੂਝਵਾਨਤਾ ਨਾਲ ਕਰਨ।

ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਗੁਰਦੁਆਰਾ ਨਾਢਾ ਸਾਹਿਬ ਵਿਖੇ ਨਤਮਸਤਕ ਹੋਏ। ਰਾਘਵ ਚੱਢਾ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਲੰਗਰ ਵਰਤਾਉਣ ਦੀ ਸੇਵਾ ਕੀਤੀ। ਫਿਰੋਜ਼ਪੁਰ ‘ਚ ਭਾਜਪਾ ਤੇ ਕਾਂਗਰਸੀ ਉਮੀਦਵਾਰਾਂ ‘ਚ ਤਿੱਖੀ ਝ ੜਪ ਹੋਈ ਹੈ। ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸੋਢੀ ਦੇ ਪੀਏ ‘ਤੇ ਹਮ ਲਾ ਹੋਇਆ ਹੈ। ਰਾਣਾ ਸੋਢੀ ਨੇ ਕਾਂਗਰਸ ਦੇ ਉਮੀਦਵਾਰ ਪਰਮਿੰਦਰ ਪਿੰਕੀ ‘ਤੇ ਸਮਰਥਕਾਂ ਦੀ ਕੁੱ ਟਮਾਰ ਦਾ ਦੋਸ਼ ਲਾਇਆ ਹੈ।

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਵੀ ਵੋਟ ਪਾਈ ਹੈ। ਤਰੁਣ ਚੁੱਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਹੁਤ ਸੰਘਰਸ਼ਾਂ ਤੋਂ ਬਾਅਦ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ, ਇਸ ਲਈ ਸਾਰੇ ਆਪਣੀ ਵੋਟ ਦਾ ਇਸਤੇਮਾਲ ਕਰਨ।

ਜ਼ੀਰਕਪੁਰ ਵਿੱਚ ਇੱਕ ਦੁਲਹਨ ਨੇ ਸਜ-ਧੱਜ ਕੇ ਵੋਟ ਪਾਈ। ਰੋਪੜ ਵਿੱਚ ਵੀ ਇੱਕ ਲਾੜੇ ਨੇ ਵਿਆਹ ਤੋਂ ਪਹਿਲਾਂ ਵੋਟ ਪਾਈ। ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਨੂੰ ਕੁਰਸੀ ਸਮੇਤ ਗੋਦੀ ਚੁੱਕ ਕੇ ਵੋਟ ਪਾਉਣ ਲਈ ਲਿਜਾਇਆ ਗਿਆ। ਗੁਰਦਾਸਪੁਰ ਵਿੱਚ ਇੱਕ ਅੰਗਹੀਣ ਨੂੰ ਵੀਲ੍ਹਚੇਅਰ ‘ਤੇ ਬਿਠਾ ਕੇ ਵੋਟ ਪਾਉਣ ਲਈ ਲਿਜਾਇਆ ਗਿਆ।

ਚੰਨੀ ਨੇ ਕਿਹਾ ਕਿ ਸੱਚਾ ਸੌਦਾ ਨੇ ਅਕਾਲੀ ਦਲ ਨੂੰ ਜੋ ਹਮਾਇਤ ਦਿੱਤੀ ਹੈ, ਉਸ ਨਾਲ ਬੇ ਅਦਬੀ ਦੇ ਜੋ ਜ਼ਖ਼ਮ ਹਨ, ਉਹ ਅੱਜ ਮੁੜ ਅੱਲ੍ਹੇ ਹੋ ਗਏ ਹਨ। ਭਗਵੰਤ ਮਾਨ ਨੂੰ ਵੀ ਸੱਚਾ ਸੌਦਾ ਵੱਲੋਂ ਹਮਾਇਤ ਦਿੱਤੀ ਗਈ ਹੈ। ਇਹ ਪਹਿਲਾਂ ਸਾਨੂੰ ਪਤਾ ਨਹੀਂ ਸੀ। ਅਕਾਲੀ ਦਲ ਅਤੇ ਸੱਚਾ ਸੌਦਾ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਇਕੱਠੇ ਹਨ ਅਤੇ ਬੀਜੇਪੀ ਦੇ ਨਾਲ ਰਲੇ ਹੋਏ ਹਨ। ਕੇਜਰੀਵਾਲ ਕਿਸੇ ਵੀ ਤਰੀਕੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣਾ ਚਾਹੁੰਦੇ ਹਨ, ਉਸ ਵਾਸਤੇ ਹਰ ਸਿਧਾਂਤ ਨੂੰ ਛਿੱਕੇ ਟੰਗ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਖ਼ਾਲਿਸਤਾਨੀ ਜਥੇਬੰਦੀਆਂ ਕੋਲੋਂ ਸਮਰਥਨ ਲਿਆ ਹੈ। ਇਸ ਬਾਰੇ ਮੈਂ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ ਅਤੇ ਉਨ੍ਹਾਂ ਨੇ ਮੈਨੂੰ ਜਾਂਚ ਦਾ ਭਰੋਸਾ ਦਿੱਤਾ ਹੈ।

ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਨੇ ਵੋਟ ਪਾਈ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਪਿਛਲੇ ਲੰਮੇ ਸਮੇਂ ਤੋਂ ਹਲਕੇ ਦੀ ਸੇਵਾ ਕਰਦਾ ਆ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਜਿਉਂਦੇ ਜਿਉਂਦੇ ਹੋਏ ਇਸ ਹਲਕੇ ਨਹੀਂ ਛੱਡ ਸਕਦਾ। ਚੋਣ ਸਬੰਧੀ ਉਨ੍ਹਾਂ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਪਠਾਨਕੋਟ ‘ਚ ਭਾਜਪਾ ਤੇ ਕਾਂਗਰਸੀ ਵਰਕਰ ਆਪਸ ‘ਚ ਉਲਝ ਗਏ। ਅਸ਼ਵਨੀ ਸ਼ਰਮਾ ਨਾਲ ਕਾਂਗਰਸੀ ਵਰਕਰਾਂ ਦਾ ਤਕਰਾਰ ਹੋ ਗਿਆ। ਪੁਲਿਸ ਦੋਹਾਂ ਧਿਰਾਂ ਨੂੰ ਸ਼ਾਂਤ ਕਰਾਉਣ ‘ਚ ਜੁਟ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਪਹਿਲੇ ਤਿੰਨ ਘੰਟਿਆਂ ‘ਚ 17.77 ਫ਼ੀਸਦੀ ਵੋਟਿੰਗ ਹੋ ਗਈ ਹੈ। ਚੋਣ ਕਮਿਸ਼ਨ ਨੇ ਅਧਿਕਾਰਤ ਤੌਰ ‘ਤੇ ਇਹ ਜਾਣਕਾਰੀ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਮਾਫੀਆ ਸਿਸਟਮ ਹੈ। ਦੂਜੇ ਪਾਸੇ ਪੰਜਾਬ ਨੂੰ ਪਿਆਰ ਕਰਨ ਵਾਲੇ ਹਨ। ਅਸੀਂ ਇੱਕ ਪੀੜ੍ਹੀ ਨੂੰ ਅੱਤ ਵਾਦ ਨਾਲ ਗੁਆ ਦਿੱਤਾ ਹੈ, ਦੂਜੀ ਨੂੰ ਨਸ਼ਿਆਂ ਨਾਲ, ਇਸ ਲਈ, ਅੱਜ ਸਾਨੂੰ ਸਾਵਧਾਨੀ ਨਾਲ ਵੋਟ ਪਾਉਣੀ ਚਾਹੀਦੀ ਹੈ। ਲੋਕ ਬਦਲਾਅ ਲਿਆਉਣ ਲਈ ਵੱਡੀ ਗਿਣਤੀ ‘ਚ ਵੋਟ ਪਾਉਣਗੇ”।

ਕਈ ਥਾਂਵਾਂ ਤੋਂ ਈ. ਵੀ. ਐੱਮ. ਦੀਆਂ ਮਸ਼ੀਨਾਂ ਖ਼ਰਾਬ ਹੋਣ ਦੀਆਂ ਖ਼ਬਰਾਂ ਵੀ ਆਉਣ ਲੱਗੀਆਂ ਹਨ। ਜਲੰਧਰ ਦੇ ਬਸਤੀ ਨੌਂ ’ਚ ਬਣਾਏ ਗਏ ਬੂਥ ਨੰਬਰ 6 ਵਿੱਚ ਵੋਟਿੰਗ ਦੀ ਸ਼ੁਰੂਆਤ ਹੁੰਦੇ ਸਾਰ ਹੀ ਈ. ਵੀ. ਐੱਮ. ਮਸ਼ੀਨ ਖ਼ਰਾਬ ਹੋ ਗਈ, ਜਿਸ ਕਰਕੇ ਪੋਲਿੰਗ ਦੇਰੀ ਨਾਲ ਸ਼ੁਰੂ ਹੋਈ। ਸਵੇਰੇ 8 ਵਜੇ ਤੋਂ ਪਹੁੰਚੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰਾਜ ਕੁਮਾਰ ਵੇਰਕਾ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੋਟ ਪਾਈ। ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਨਾਲ ਗਲੇ ਲੱਗਦੇ ਹੋਏ ਮਿਲੇ।

ਵਿਧਾਨ ਸਭਾ ਹਲਕਾ ਗਿੱਦੜਬਾਹਾ ‘ਚ ਦੋ ਧਿਰਾਂ ਵਿਚਕਾਰ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਕਾਲੀ ਦਲ ਦੇ ਉਮੀਦਵਾਰ ਸੰਨੀ ਢਿੱਲੋਂ ਦੇ ਭਰਾ ‘ਤੇ ਇਰਾਦਾ ਕਤਲ ਦਾ ਮਾਮਲਾ ਦਰਜ ਹੋ ਗਿਆ ਹੈ। ਰਾਜਾ ਵੜਿੰਗ ਦੇ ਪੀਏ ‘ਤੇ ਵੀ ਕੋਟਭਾਈ ਥਾਣੇ ‘ਚ ਮਾਮਲਾ ਦਰਜ ਹੋ ਗਿਆ ਹੈ। ਖਰੜ ‘ਚ ਚਰਨਜੀਤ ਸਿੰਘ ਚੰਨੀ ਨੇ ਵੋਟ ਪਾਈ ਹੈ।

ਭਦੌੜ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੱਡੀ ਦੇ ਬੋਨਟ ‘ਤੇ ਇੱਕ ਨੌਜਵਾਨ ਚੜ ਗਿਆ। ਲਾਭ ਸਿੰਘ ਉਗੋਕੇ ਨੇ ਹਮ ਲਾ ਕਰਨ ਦੇ ਦੋਸ਼ ਲਾਏ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਚਾਰ ਜਣਿਆਂ ਖਿਲਾਫ ਪਰਚਾ ਦਰਜ ਕੀਤਾ ਹੈ। ਲਾਭ ਸਿੰਘ ਵੱਲੋਂ ਗੱਡੀ ਰੋਕਣ ‘ਤੇ ਬੋਨਟ ‘ਤੇ ਚੜਿਆ ਨੌਜਵਾਨ ਹੇਠਾਂ ਡਿੱਗ ਗਿਆ। ਨੌਜਵਾਨ ਨੇ ਲਾਭ ਸਿੰਘ ‘ਤੇ ਇਲਜ਼ਾਮ ਲਗਾਇਆ ਕਿ ਲਾਭ ਸਿੰਘ ਨੇ ਉਸ ‘ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਨੌਜਵਾਨ ਹਸਪਤਾਲ ਵਿੱਚ ਦਾਖਲ ਹੈ।

ਬਲਬੀਰ ਸਿੰਘ ਰਾਜੇਵਾਲ ਨੇ ਵੋਟ ਪਾਈ ਹੈ। ਉਨ੍ਹਾਂ ਨੇ ਵੋਟ ਪਾਉਣ ਤੋਂ ਬਾਅਦ ਲੋਕਾਂ ਨੂੰ ਆਪਣੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੋਟ ਪਾਈ ਹੈ। ਕੈਪਟਨ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿੱਧੂ ਪਤਾ ਨਹੀਂ ਕਿਹੜੇ ਬਦਲਾਅ ਦੀ ਗੱਲ ਕਰਦਾ ਹੈ, ਉਹ ਸਿੱਧੂ ਪ੍ਰੋਗਰਾਮ ਲਾਉਣਾ ਚਾਹੁੰਦਾ ਹੈ। ਕੈਪਟਨ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ। ਕੈਪਟਨ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਅੰਦਰੋਂ ਅਤੇ ਬਾਹਰੋਂ ਪੂਰੀ ਤਰ੍ਹਾਂ ਖ਼ਾਲਿਸਤਾਨੀ ਹੈ ਅਤੇ ਉਹ ਕੇਜਰੀਵਾਲ ਨੂੰ ਸਮਰਥਨ ਕਰ ਰਿਹਾ ਹੈ। ਇਸਦਾ ਪਤਾ ਨਹੀਂ ਪੰਜਾਬ ‘ਤੇ ਕਿੰਨਾ ਅਸਰ ਹੋਵੇਗਾ। ਲੁਧਿਆਣਾ ‘ਚ ਬੈਂਸ ਭਰਾਵਾਂ ਨੇ ਵੋਟ ਪਾਈ ਹੈ।

ਲਹਿਰਾ ਤੋਂ ਕਾਂਗਰਸ ਦੇ ਉਮੀਦਵਾਰ ਰਜਿੰਦਰ ਕੌਰ ਭੱਠਲ ਨੇ ਪਰਿਵਾਰ ਸਮੇਤ ਵੋਟ ਪਾਈ। ਰਾਣਾ ਗੁਰਜੀਤ ਸਿੰਘ ਨੇ ਵੋਟ ਪਾਈ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਚੌਲ ਦਾ ਤਾਂ ਇੱਕੋ ਦਾਣਾ ਚੁੱਕੀਦਾ ਹੈ ਅਤੇ ਨੱਪ ਕੇ ਵੇਖ ਲਈਦਾ ਹੈ ਕਿ ਪੱਕਾ ਹੈ ਕਿ ਕੱਚਾ, ਕੱਲੇ-ਕੱਲੇ ਨੂੰ ਨਹੀਂ ਨੱਪੀਦਾ। 10 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਚੂਹਾ ਨਿਕਲੇਗਾ ਜਾਂ ਫਿਰ ਚੂਹੀ ਨਿਕਲਦੀ ਹੈ। ਮੈਂ ਬਹੁਤ ਡਰਦਾ ਹਾਂ, ਮੈਂ ਤਾਂ ਲੁਕ-ਲੁਕ ਕੇ ਦਿਨ ਕੱਟੇ ਹਨ। ਅਰੁਣਾ ਚੌਧਰੀ ਨੇ ਵੋਟ ਪਾਈ ਹੈ। ਚੌਧਰੀ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਕਾਂਗਰਸ ਦੇ ਹੱਕ ਵਿੱਚ ਫਤਵਾ ਸੁਣਾਉਣਗੇ। ਲੁਧਿਆਣਾ ‘ਚ ਬੈਂਸ ਭਰਾਵਾਂ ਨੇ ਵੋਟ ਪਾਈ ਹੈ।

ਪੰਜਾਬ ਦੀ ਹੌਟ ਸੀਟ ਧੂਰੀ ਵਿਧਾਨ ਸਭਾ ਹਲਕੇ ਦੇ ਪਿੰਡ ਰਾਜਿੰਦਰਾ ਪੂਰੀ ਰੰਚਣਾ ‘ਚ ਸਾਰੀਆਂ ਸਿਆਸੀ ਧਿਰਾਂ ਨੇ ਸਾਂਝਾ ਪੋਲਿੰਗ ਬੂਥ ਲਾਉਣ ਦੀ ਮਿਸਾਲ ਪੇਸ਼ ਕੀਤੀ ਹੈ। ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਵੱਲੋਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸੋਮ ਪ੍ਰਕਾਸ਼, ਸਿੱਧੂ ਮੂਸੇਵਾਲਾ, ਰਵਨੀਤ ਬਿੱਟੂ ਨੇ ਵੋਟ ਪਾਈ। ਅਸ਼ਵਨੀ ਸੇਖੜੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਵੋਟ ਪਾਈ ਹੈ।