Khaas Lekh Khalas Tv Special Punjab

ਹਾਲੇ ਤੱਕ ਤਾਂ ਪੰਜਾਬ ਦੇ ਹਾਣ ਦਾ ਨਹੀਂ ਮਿਲਿਆ ਕੋਈ ਮੁੱਖ ਮੰਤਰੀ

ਕਮਲਜੀਤ ਸਿੰਘ ਬਨਵੈਤ

ਮੁੱਖ ਮੰਤਰੀ ਕਿਸੇ ਵੀ ਸੂਬੇ ਦੀ ਜਿੰਦ ਜਾਨ ਹੁੰਦਾ ਹੈ, ਸਰਬ ਰਾਹ ਹੁੰਦਾ ਹੈ, ਸੂਬੇ ਦੀ ਸ਼ਾਨ ਹੁੰਦਾ ਹੈ। ਕਿਸੇ ਸੂਬੇ ਦਾ ਮੁੱਖ ਮੰਤਰੀ ਜਿੰਨਾ ਲਾਈਕ ਹੋਵੇਗਾ, ਜਿੰਨੀ ਜ਼ਿਆਦਾ ਉਹਦੇ ਕੋਲ ਦੂਰ ਦ੍ਰਿਸ਼ਟੀ ਹੋਵੇਗੀ, ਸੂਬਾ ਓਨੀਆਂ ਹੀ ਬੁਲੰਦੀਆਂ ਛੂਹੇਗਾ। ਮੁੱਖ ਮੰਤਰੀ ਡੁੱਬਦੇ ਸੂਬੇ ਨੂੰ ਉੱਪਰ ਵੱਲ ਲਿਜਾ ਕੇ ਅਸਮਾਨ ਦੀਆਂ ਕਾਲੀਆਂ ਚਿੱਟੀਆਂ ਤਿੱਤਰ ਖੰਭੀਆਂ ਨਾਲ ਛੂਹਣ – ਛੁਆਈ ਖੇਡਣ ਦੀ ਤਾਕਤ ਰੱਖਦਾ ਹੈ। ਇਸ ਪੱਖੋਂ ਪੰਜਾਬ ਵਧੇਰੇ ਖੁਸ਼ਕਿਸਮਤ ਨਹੀਂ ਰਿਹਾ। ਮਰਹੂਮ ਪ੍ਰਤਾਪ ਸਿੰਘ ਕੈਰੋਂ ਨੂੰ ਛੱਡ ਕੇ ਪੰਜਾਬ ਦੇ ਭਾਗੀਂ ਕੋਈ ਅਜਿਹਾ ਮੁੱਖ ਮੰਤਰੀ ਨਹੀਂ ਜੁੜਿਆ ਜਿਹੜਾ ਸੂਬੇ ਦੇ ਹਾਣ ਦਾ ਹੋਵੇ। ਮੁੱਖ ਮੰਤਰੀ ਦੇ ਅਹੁਦੇ ਦੀਆਂ ਖੱਟੀਆਂ ਖਾਣ ਵਾਲੇ ਬਥੇਰੇ ਜੁੜੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ 11 ਲੀਡਰ ਵਾਰੋ-ਵਾਰੀ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠ ਚੁੱਕੇ ਹਨ ਪਰ ਦੋ ਚਾਰ ਨੂੰ ਛੱਡ ਕੇ ਕਿਸੇ ਨੇ ਵੀ ਪੰਜਾਬ ਦੀ ਸ਼ੋਭਾ ਵਿੱਚ ਮਾਅਰਕੇ ਦਾ ਵਾਧਾ ਨਹੀਂ ਕੀਤਾ।

ਇਸ ਵਾਰ ਦੀਆਂ ਚੋਣਾਂ ਵਿੱਚ ਪੰਜਾਬ ਲਈ 18ਵੇਂ ਮੁੱਖ ਮੰਤਰੀ ਦੀ ਭਾਲ ਹੈ। ਅਗਲਾ ਮੁੱਖ ਮੰਤਰੀ ਕਿਹੋ ਜਿਹਾ ਜੁੜਦਾ, ਇਹ ਤਾਂ ਅੱਲ੍ਹਾ ਹੀ ਜਾਣੇ। ਪੁਰਾਣਿਆਂ ਵਿੱਚੋਂ ਮਰਹੂਮ ਪ੍ਰਤਾਪ ਸਿੰਘ ਕੈਰੋਂ ਨੂੰ ਬਿਹਤਰ ਹੋਣ ਦਾ ਮਾਣ ਜਾਂਦਾ ਹੈ। ਪੰਜਾਬ ਲਈ ਏਸ਼ੀਆ ਦੀ ਇੱਕ ਬਿਹਤਰੀਨ ਸਰਕਾਰੀ ਸਿਹਤ ਸੰਸਥਾ ਪੀਜੀਆਈ ਪ੍ਰਤਾਪ ਸਿੰਘ ਕੈਰੋਂ ਦੀ ਦੇਣ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸੁਪਨਾ ਵੀ ਕੈਰੋਂ ਦੇ ਹੱਥੀਂ ਪ੍ਰਵਾਨ ਚੜਿਆ। ਸੂਬੇ ਵਿੱਚ ਹਰੀ ਕ੍ਰਾਂਤੀ ਦਾ ਮੁੱਢ ਵੀ ਉਨ੍ਹਾਂ ਮੁੱਖ ਮੰਤਰੀ ਹੁੰਦਿਆਂ ਹੀ ਬੱਝਿਆ ਸੀ।

ਪੰਜਾਬ ਦੇ 12ਵੇਂ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੀ ਸੂਬੇ ਨੂੰ ਲਾਜਵਾਬ ਦੇਣ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇਣਾ ਹੈ। ਸੂਬੇ ਵਿੱਚ ਪਹਿਲੀ ਵਾਰ ਸੜਕਾਂ ਵਿਛਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। ਮਰਹੂਮ ਬੇਅੰਤ ਸਿੰਘ ਦੀ ਇੱਕੋ-ਇੱਕ ਪ੍ਰਾਪਤੀ ਇਹ ਰਹੀ ਕਿ ਉਸਨੇ ਸਿੱਖ ਨੌਜਵਾਨਾਂ ਦੀ ਜ਼ਿੰਦਗੀ ਵੱਟੇ ਪੰਜਾਬ ਵਿੱਚ ਅਮਨ ਸ਼ਾਂਤੀ ਸਥਾਪਤ ਕਰਨ ਦਾ ਨਾਅਰਾ ਦਿੱਤਾ ਸੀ। ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਵਿਰਾਸਤ ਏ ਖਾਲਸਾ ਜਿਹਾ ਅਣਮੁੱਲਾ ਤੋਹਫਾ ਪੰਜਾਬ ਨੂੰ ਦਿੱਤਾ। ਯਾਦਗਾਰ ਇਹ ਜੰਗੀ ਸ਼ਹੀਦਾਂ ਵੀ ਉਨ੍ਹਾਂ ਦੀ ਸਰਕਾਰ ਦੀ ਦੇਣ ਹੈ। ਸੂਬੇ ਵੱਟੇ ਆਪਣੀ ਸਲਤਨਤ ਖੜੀ ਕਰਨ ਦੇ ਇਲਜ਼ਾਮ ਸਭ ਤੋਂ ਵੱਧ ਉਨ੍ਹਾਂ ‘ਤੇ ਲੱਗੇ ਹਨ। ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਰੋਸ ਵਿੱਚ ਪਦਮ ਸ੍ਰੀ ਵਾਪਸ ਕਰਕੇ ਉਨ੍ਹਾਂ ਨੇ ਆਪਣੇ ‘ਤੇ ਲੱਗੇ ਧੱਬੇ ਧੋਣ ਦੀ ਅਸਫ਼ਲ ਕੋਸ਼ਿਸ਼ ਕੀਤੀ।

ਗਿਆਨੀ ਜ਼ੈਲ ਸਿੰਘ ਦੇ ਰਾਜ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਨ੍ਹਾਂ ਨੇ ਤਲਵੰਡੀ ਸਾਬੋ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਉਸਾਰੀ ਕੀਤੀ। ਉਨ੍ਹਾਂ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕਾਫ਼ੀ ਨੇੜਤਾ ਸੀ, ਬਾਵਜੂਦ ਇਹਦੇ ਉਹ ਸੈਂਟਰ ਤੋਂ ਕੋਈ ਲਾਹਾ ਨਾ ਲੈ ਸਕੇ। ਜਸਟਿਸ ਗੁਰਨਾਮ ਸਿੰਘ ਰਾਜ ਦੇ ਅਜਿਹੇ ਪਹਿਲੇ ਮੁੱਖ ਮੰਤਰੀ ਹਨ ਜਿਨ੍ਹਾਂ ਨੂੰ ਬਗੈਰ ਚੋਣ ਲੜਿਆ ਮੁੱਖ ਮੰਤਰੀ ਦਾ ਅਹੁਦਾ ਨਸੀਬ ਹੋਇਆ ਪਰ ਉਨ੍ਹਾਂ ਦੀ ਕੁਰਸੀ ਲੰਮਾ ਚਿਰ ਟਿਕ ਨਾ ਸਕੀ। ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦਾ ਕਾਰਜਕਾਲ ਕਾਫ਼ੀ ਚਰਚਿਤ ਰਿਹਾ। ਉਹ ਲੇਖਕ ਭਾਈਚਾਰੇ ਵਿੱਚੋਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਵਜੋਂ ਜਾਣੇ ਗਏ। ਸੂਬੇ ਦੇ ਦੋ ਮੁੱਖ ਮੰਤਰੀਆਂ ਪ੍ਰਤਾਪ ਸਿੰਘ ਕੈਰੋਂ ਅਤੇ ਬੇਅੰਤ ਸਿੰਘ ਦੀ ਮੌਤ ਕਤਲ ਨਾਲ ਹੋਈ। ਗਿਆਨੀ ਜ਼ੈਲ ਸਿੰਘ ਹੁਣ ਤੱਕ ਦੇ ਮੁੱਖ ਮੰਤਰੀਆਂ ਵਿੱਚੋਂ ਇੱਕੋ ਇੱਕ ਅਜਿਹੇ ਸ਼ਖਸ ਹਨ, ਜਿਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਦੀ ਕੁਰਸੀ ਉੱਤੇ ਬੈਠਣ ਦਾ ਮਾਣ ਵੀ ਮਿਲਿਆ ਹੈ।

ਸੂਬੇ ਨੂੰ ਚਾਰ ਵਾਰ ਰਾਸ਼ਟਰਪਤੀ ਰਾਜ ਵਿੱਚੋਂ ਲੰਘਣਾ ਪਿਆ। ਜਿਨ੍ਹਾਂ ਹੋਰ ਲੀਡਰਾਂ ਨੂੰ ਮੁੱਖ ਮੰਤਰੀ ਵਜੋਂ ਪੰਜਾਬ ਵਿੱਚ ਰਾਜ ਕਰਨ ਦਾ ਮੌਕਾ ਮਿਲਿਆ, ਉਨ੍ਹਾਂ ਵਿੱਚ ਸੁਰਜੀਤ ਸਿੰਘ ਬਰਨਾਲਾ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਂ ਸ਼ਾਮਿਲ ਹਨ। ਬੀਬੀ ਭੱਠਲ ਨੂੰ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਹੁਣ ਤੱਕ ਕਾਂਗਰਸ ਨੂੰ ਸੂਬੇ ‘ਤੇ ਨੌਂ ਵਾਰ ਅਤੇ ਅਕਾਲੀਆਂ ਨੂੰ ਸੱਤ ਵਾਰ ਰਾਜ ਕਰਨ ਦਾ ਮੌਕਾ ਮਿਲਿਆ ਹੈ। ਚਾਰ ਵਾਰ ਰਾਸ਼ਟਰਪਤੀ ਰਾਜ ਵਿੱਚੋਂ ਦੀ ਗੁਜ਼ਰਨਾ ਪਿਆ। ਪਹਿਲੀ ਵਾਰ ਰਾਸ਼ਟਰਪਤੀ ਰਾਜ 11 ਜੂਨ 1987 ਤੋਂ 25 ਫਰਵਰੀ 1992 ਤੱਕ, ਦੂਜੀ ਵਾਰ ਛੇ ਅਕਤੂਬਰ 1983 ਤੋਂ 29 ਸਤੰਬਰ 1985 ਤੱਕ, ਤੀਜੀ ਵਾਰ 30 ਅਪ੍ਰੈਲ 1977 ਤੋਂ 20 ਜੂਨ 1977 ਤੱਕ ਲਾਗੂ ਰਿਹਾ ਹੈ। ਸਭ ਤੋਂ ਪਹਿਲੀ ਵਾਰ ਰਾਸ਼ਟਰਪਤੀ ਰਾਜ 14 ਜੂਨ 1971 ਤੋਂ 17 ਮਾਰਚ 1977 ਤੱਕ ਲਾਇਆ ਗਿਆ ਸੀ।

ਹੁਣ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੋ ਦਿਨ ਰਹਿ ਗਏ ਹਨ ਤਾਂ ਪੰਜਾਬ ਦੀ ਵਾਗਡੋਰ ਕਿਸੇ ਅਜਿਹੇ ਲੀਡਰ ਦੇ ਹੱਥ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਹੜਾ ਮੁੜ ਪੰਜਾਬ ਨੂੰ ਪੈਰਾਂ ਸਿਰ ਖੜਾ ਕਰ ਸਕੇ। ਸਿਆਸੀ ਪੰਡਿਤ ਲੰਗੜੀ ਅਸੈਂਬਲੀ ਰਹਿਣ ਦੀ ਸੂਰਤ ਵਿੱਚ ਮੁੜ ਰਾਸ਼ਟਰਪਤੀ ਰਾਜ ਦਾ ਡਰ ਜਾਹਿਰ ਕਰਨ ਲੱਗੇ ਹਨ। ਅੱਲ੍ਹਾ ਕਰੇ, ਪੰਜਾਬ ਕਿਸੇ ਆਪਣੇ ਦੇ ਹੀ ਸੁਰੱਖਿਅਤ ਹੱਥਾਂ ਵਿੱਚ ਸਲਾਮਤ ਰਹੇ। ਉਂਝ, ਮੇਰੇ ਜਿਹਨ ਵਿੱਚ ਗੁਰਬਾਣੀ ਦੀਆਂ ਤੁਕਾਂ “ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ।। ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।। ” ਜਾਗਦੇ ਰਹਿਣ ਦਾ ਹੁਲਾਰਾ ਦੇਣ ਲੱਗੀਆਂ ਹਨ।

ਸੰਪਰਕ : 98147 34035