‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਸਾਹਮਣੇ ਯੂਪੀ, ਬਿਹਾਰ ਅਤੇ ਦਿੱਲੀ ਦੇ ਲੋਕਾਂ ਨੂੰ ਬਈਆ ਕਹਿ ਕੇ ਸੰਬੋਧਿਤ ਕੀਤਾ। ਇਸ ਬਿਆਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਵਿੱਚ ਹੈ। ਇਸ ਵੀਡੀਓ ਵਿੱਚ ਚੰਨੀ ਇਹ ਸਭ ਕਹਿ ਰਹੇ ਹਨ ਅਤੇ ਪ੍ਰਿਅੰਕਾ ਗਾਂਧੀ ਤਾੜੀਆਂ ਵਜਾ ਰਹੇ ਹਨ।
ਇਸ ਵੀਡੀਓ ਵਿੱਚ ਚੰਨੀ ਇਹ ਕਹਿੰਦੇ ਹੋਏ ਦਿਸ ਰਹੇ ਹਨ ਕਿ ਪ੍ਰਿਅੰਕਾ ਗਾਂਧੀ ਵੀ ਪੰਜਾਬਣਾ ਹੈ ਅਤੇ ਪੰਜਾਬ ਦੀ ਬਹੂ ਹੈ। ਸਾਰੇ ਪੰਜਾਬੀ ਇੱਕ ਹੋ ਜਾਓ। ਅਸੀਂ ਯੂਪੀ, ਬਿਹਾਰ ਅਤੇ ਦਿੱਲੀ ਦੇ ਬਈਆ ਜੋ ਪੰਜਾਬ ਵਿੱਚ ਰਾਜ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਘੁਸਣ ਨਹੀਂ ਦੇਵਾਂਗੇ।
ਬੀਜੇਪੀ ਦੇ ਬੁਲਾਰੇ ਨੇ ਵੀਡੀਓ ਕੀਤੀ ਸ਼ੇਅਰ
ਇਸ ਵੀਡੀਓ ਨੂੰ ਮਹਾਰਾਸ਼ਟਰ ਦੇ ਬੀਜੇਪੀ ਦੇ ਬੁਲਾਰੇ ਸੁਰੇਸ਼ ਨਾਖੁਆ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ “ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਜੋ ਯੂਪੀ ਦੇ, ਬਿਹਾਰ ਦੇ ਬਈਏ ਆ ਕੇ ਰਾਜ ਕਰਨਾ ਚਾਹੁੰਦੇ ਹਨ, ਇਨ੍ਹਾਂ ਨੂੰ ਪੰਜਾਬ ਵਿੱਚ ਘੁਸਣ ਨਹੀਂ ਦੇਣਾ। ਫੂਲਪੁਰ ਦੇ ਸਾਬਕਾ ਸੰਸਦ ਮੈਂਬਰ ਜਵਾਹਰਲਾਲ ਦੀ ਪੜਪੋਤੀ, ਰਾਏਬਰੇਲੀ ਦੀ ਸਾਬਕਾ ਸੰਸਦ ਮੈਂਬਰ ਇੰਦਰਾ ਦੀ ਪੋਤੀ, ਅਮੇਠੀ ਰਾਏਬਰੇਲੀ ਦੇ ਸਾਬਕਾ ਸੰਸਦ ਮੈਂਬਰ ਰਾਜੀਵ-ਸੋਨੀਆ ਦੀ ਬੇਟੀ ਪ੍ਰਿਅੰਕਾ ਗਾਂਧੀ ਇਸ ਬਿਆਨ ‘ਤੇ ਹੱਸ ਰਹੀ ਹੈ।”
ਕੇਜਰੀਵਾਲ ਨੇ ਕੀਤੀ ਨਿੰਦਾ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਨੀ ਵੱਲੋਂ ਬਈਆ ਕਹਿਣ ਵਾਲੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਬਾਰੇ, ਵਰਗ ਵਿਸ਼ੇਸ਼ ਬਾਰੇ ਟਿੱਪਣੀ ਕਰਨਾ ਗਲਤ ਹੈ ਅਤੇ ਅਸੀਂ ਇਸਦੀ ਨਿੰਦਾ ਕਰਦੇ ਹਾਂ। ਭਗਵੰਤ ਮਾਨ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਤਾਂ ਯੂਪੀ ਨਾਲ ਸਬੰਧਿਤ ਹਨ ਤਾਂ ਫਿਰ ਉਹੀ ਵੀ ਤਾਂ ਬਈਆ ਹੋਏ। ਇਹ ਹਿੱਲ ਗਏ ਹਨ। ਅਸੀਂ ਪੰਜਾਬ ਦੇ ਜਿੱਥੇ ਸਾਰੇ ਮੁੱਦੇ ਹੱਲ ਕਰਨੇ ਹਨ, ਮੈਨੂੰ ਲੱਗਦਾ ਹੈ ਕਿ ਸਾਨੂੰ ਭਾਰਤ ਦਾ ਇੱਕ ਪਹਿਲਾ ਸਰਕਾਰੀ ਪਾਗਲਖਾਨਾ ਵੀ ਖੁੱਲਵਾਉਣਾ ਪਵੇਗਾ ਅਤੇ ਇਨ੍ਹਾਂ ਨੂੰ ਉੱਥੇ ਰੱਖਣਾ ਪਵੇਗਾ।