‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀਆਂ ਤੋਂ ਆਪਣੇ ਸਿਰ ਚੜਿਆ ਕਰਜ਼ਾ ਉਤਾਰਨ ਦਾ ਇੱਕ ਮੌਕਾ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੱਤਾ ਦੀ ਭੁੱਖ ਨਹੀਂ ਹੈ ਅਤੇ ਨਾ ਹੀ ਮੈਨੂੰ ਸੁੱਖਾਂ ਦੀ ਲਾਲਸਾ ਹੈ। ਉਹ ਉਹ ਤਾਕਤ ਦੀ ਖੇਡ ਖੇਡਣ ਵਿੱਚ ਵਿਸ਼ਵਾਸ ਨਹੀਂ ਰੱਖਦੇ ਹਨ। ਇਸ ਕਰਕੇ ਉਹਨਾਂ ਨੇ ਅਪੀਲ ਕੀਤੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚੋਂ ਕੱਢ ਕੇ ਇੱਕ ਨਵਾਂ ਪੰਜਾਬ ਉਸਾਰਨ ਲਈ ਭਾਜਪਾ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਨੇ ਕਾਂਗਰਸ ‘ਤੇ ਕੀਤੇ ਇੱਕ ਤਿੱਖੇ ਹਮ ਲੇ ਵਿੱਚ ਕਿਹਾ ਕਿ ਕਾਂਗਰਸ ਪੰਜਾਬ ਨਾਲ ਪੁਰਾਣੀ ਦੁਸ਼ਮਣੀ ਕੱਢਣ ਦੀ ਤਾਕ ਵਿੱਚ ਹੈ। ਜਦੋਂ ਤੱਕ ਕਾਂਗਰਸ ਦੀ ਵਾਗਡੋਰ ਗਾਂਧੀ ਪਰਿਵਾਰ ਕੋਲ ਰਹੇਗੀ ਤਦ ਤੱਕ ਕਾਂਗਰਸ ਦਾ ਪੰਜਾਬ ਨਾਲ ਵੈਰ ਨਹੀਂ ਮੁੱਕਣਾ। ਉਹ ਜਲੰਧਰ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਬਹੁਤੇ ਪਰਿਵਾਰ ਸਰਦੇ-ਪੁੱਜਦੇ ਹਨ ਪਰ ਨੌਜਵਾਨੀ ਦੇ ਨਸ਼ਿਆਂ ਵਿੱਚ ਡੁੱਬ ਜਾਣ ਕਰਕੇ ਮਾਪਿਆਂ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ। ਉਨ੍ਹਾਂ ਨੇ ਅਗਲੇ ਪੰਜ ਸਾਲ ਪੰਜਾਬ ਦੇ ਨਾਂ ਕਰਨ ਦਾ ਭਰੋਸਾ ਦਿੱਤਾ।
ਅਕਾਲੀ-ਬੀਜੇਪੀ ਗਠਜੋੜ ਦੇ ਖੋਲ੍ਹੇ ਭੇਤ
ਪ੍ਰਧਾਨ ਮੰਤਰੀ ਨੇ ਅਕਾਲੀ ਦਲ ‘ਤੇ ਵੀ ਤਗੜੇ ਨਿਸ਼ਾਨੇ ਵਿੰਨੇ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਨੇ ਅਕਾਲੀ ਦਲ ਨੂੰ ਵੱਡਾ ਭਾਈ ਮੰਨ ਕੇ ਹਮੇਸ਼ਾ ਛੋਟੇ ਭਰਾ ਦੀ ਭੂਮਿਕਾ ਨਿਭਾਈ ਹੈ। ਇੱਕ ਵੇਲਾ ਸੀ ਜਦੋਂ ਅਕਾਲੀ ਦਲ ਕੋਲ ਬਹੁਮੱਤ ਨਹੀਂ ਸੀ ਅਤੇ ਭਾਜਪਾ ਦੀ ਹਿਮਾਇਤ ਤੋਂ ਬਿਨਾਂ ਸਰਕਾਰ ਨਹੀਂ ਚੱਲ ਸਕਦੀ ਸੀ। ਉਨ੍ਹਾਂ ਨੇ ਅਕਾਲੀ ਦਲ ਨਾਲ ਸਾਂਝ ਦਾ ਇੱਕ ਭੇਤ ਖੋਲ੍ਹਦਿਆਂ ਦੱਸਿਆ ਕਿ ਗਠਜੋੜ ਦੀ ਸਰਕਾਰ ਵਿੱਚ ਭਾਜਪਾ ਨੂੰ ਡਿਪਟੀ ਸੀਐੱਮ ਦਾ ਅਹੁਦਾ ਦੇਣ ਲਈ ਸਹਿਮਤੀ ਬਣੀ ਸੀ, ਜਿਸ ਤੋਂ ਪ੍ਰਕਾਸ਼ ਸਿੰਘ ਬਾਦਲ ਮੁੱਕਰ ਗਏ। ਭਾਜਪਾ ਸਿਰਫ਼ ਇਸ ਕਰਕੇ ਚੁੱਪ ਰਹੀ ਤਾਂ ਕਿ ਪੰਜਾਬ ਭਲਾ ਰਹੇ।
ਉਸ ਵਕਤ ਡਿਪਟੀ ਸੀਐੱਮ ਬੀਜੇਪੀ ਦਾ ਬਣਨਾ ਚਾਹੀਦਾ ਸੀ ਪਰ ਉਸ ਸਮੇਂ ਵੀ ਸਾਡੇ ਨਾਲ ਅਨਿਆਂ ਹੋਇਆ। ਬਾਦਲ ਨੇ ਆਪਣੇ ਬੇਟੇ ਸੁਖਬੀਰ ਬਾਦਲ ਨੂੰ ਡਿਪਟੀ ਸੀਐੱਮ ਬਣਾ ਦਿੱਤਾ। ਸਾਡੇ ਮਨੋਰੰਜਨ ਕਾਲੀਆ ਦਾ ਪੂਰਾ ਹੱਕ ਸੀ ਉਸ ਵੇਲੇ ਡਿਪਟੀ ਸੀਐੱਮ ਬਣਨ ਦਾ ਪਰ ਫਿਰ ਵੀ ਅਸੀ ਪੰਜਾਬ ਦਾ ਵਿਕਾਸ ਦੇਖਿਆ। ਪੰਜਾਬੀਅਤ ਦੇ ਭਲੇ ਲਈ ਅਸੀਂ ਆਪਣੇ ਰਾਜੀਨਿਤਕ ਹੱਕਾਂ ਨੂੰ ਵੀ ਦਰਕਿਨਾਰ ਕਰ ਦਿੱਤਾ।
ਕਾਂਗਰਸ ‘ਤੇ ਕੱਸੇ ਨਿਸ਼ਾਨੇ
ਮੋਦੀ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਰਿਹਾ ਹੈ ਕਿ ਉਹ ਪੰਜਾਬ ਦੇ ਲ਼ਈ ਕਦੇ ਕੰਮ ਨਹੀਂ ਕਰੇਗੀ ਅਤੇ ਜੋ ਕੰਮ ਕਰਨਾ ਚਾਹੁੰਦਾ ਹੈ ਉਸਦੇ ਰਸਤੇ ‘ਤੇ ਰੋੜੇ ਡਾਹਵੇਗੀ। ਪਾਪ ਦਾ ਘੜਾ ਜਦੋਂ ਭਰਦਾ ਹੈ, ਉਦੋਂ ਫੁੱਟਦਾ ਵੀ ਹੈ। ਕਾਂਗਰਸ ਨੂੰ ਉਸਦੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ। ਕਾਂਗਰਸ ਦੀ ਅੱਜ ਖੁਦ ਦੀ ਪਾਰਟੀ ਹੀ ਬਿਖਰ ਰਹੀ ਹੈ। ਕਾਂਗਰਸ ਦੇ ਲੋਕ ਆਪਣੇ ਲੀਡਰਾਂ ਦੀ ਸਾਰੀ ਪੋਲ ਖੋਲ੍ਹ ਰਹੇ ਹਨ। ਆਪਸ ਵਿੱਚ ਲੜ ਰਹੇ ਲੋਕ ਪੰਜਾਬ ਨੂੰ ਸਥਿਰ ਤਾਕਤ ਕੀ ਦੇ ਸਕਣਗੇ।
ਪੰਜਾਬ ‘ਚ NDA ਸਰਕਾਰ ਬਣਨ ਦਾ ਕੀਤਾ ਦਾਅਵਾ
ਉਨ੍ਹਾਂ ਨੇ ਵਾਰ ਵਾਰ ਪੰਜਾਬ ਵਿੱਚ ਐੱਨਡੀਏ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਨਵਾਂ ਪੰਜਾਬ ਕਰਜ਼ੇ ਤੋਂ ਮੁਕਤ ਹੋਵੇਗਾ ਅਤੇ ਭ੍ਰਿਸ਼ਟਾਚਾਰ ਮਾਫੀਏ ਲਈ ਕੋਈ ਜਗ੍ਹਾ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨਵੇਂ ਪੰਜਾਬ ਵਿੱਚ ਗਰੀਬ ਭਾਈ-ਭੈਣਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਇਸ ਲਈ ਪੰਜਾਬ ਦਾ ਨਵਾਂ ਨਾਅਰਾ ਹੈ ਨਵਾਂ ਪੰਜਾਬ ਭਾਜਪਾ ਦੇ ਨਾਲ, ਨਵਾਂ ਪੰਜਾਬ ਨਵੀਂ ਟੀਮ ਦੇ ਨਾਲ। ਇਹ ਨਵੀਂ ਟੀਮ ਦੂਹਰੇ ਇੰਜਨ ਵਾਲੀ ਹੈ, ਜਿੱਥੇ ਇੱਕ ਟੀਮ ਕੇਂਦਰ ਦੀ ਅਤੇ ਦੂਜੀ ਸੂਬੇ ਦੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਮਿਲ ਕੇ ਨਵੇਂ ਭਾਰਤ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਇਸੇ ਤਰ੍ਹਾਂ ਨਵਾਂ ਪੰਜਾਬ ਹੋਵੇਗਾ, ਜਿਹੜਾ ਮੌਕਿਆਂ ਨਾਲ ਭਰਿਆ ਹੋਵੇਗਾ, ਰੁਜ਼ਗਾਰ ਮਿਲੇਗਾ, ਕਾਨੂੰਨ ਦਾ ਰਾਜ ਹੋਵੇਗਾ, ਮਾਫੀਆ ਨੂੰ ਥਾਂ ਨਹੀਂ ਮਿਲੇਗੀ।
ਨਵਾਂ ਪੰਜਾਬ ਨਾ ਵੰਡੀ ਪਾਉਣ ਵਾਲਿਆਂ ਦਾ ਸਾਥ ਦੇਵੇਗਾ, ਇਹ ਗਠਜੋੜ ਦਾ ਸਾਥ ਦੇਵੇਗਾ। ਜਦੋਂ ਸਾਡੇ ਸਮਾਜ ਵਿੱਚ ਹਨੇਰਾ ਛਾਇਆ ਤਾਂ ਗੁਰੂ ਨਾਨਕ ਦੇਵ ਜੀ ਵਰਗੇ ਗੁਰੂ ਆਏ, ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਗੁਰੂ ਆਏ।“
ਜਦੋਂ ਭੁਖਮਰੀ ਆਈ ਤਾਂ ਇੱਥੇ ਹਰਿਤਕ੍ਰਾਂਤੀ ਦਾ ਨਾਅਰਾ ਆਇਆ। ਸਾਡਾ ਸੂਬਾ ਸਰਹੱਦੀ ਹੈ, ਇਸ ਦੀ ਸੁਰੱਖਿਆ ਜ਼ਰੂਰੀ ਹੈ, ਇਸ ਲਈ ਸਾਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜੋ ਦੇਸ਼ ਦੀ ਸੁਰੱਖਿਆ ਲਈ ਗੰਭੀਰ ਕਦਮ ਚੁੱਕੇ ਅਤੇ ਸੂਬੇ ਨੂੰ ਸੁਰੱਖਿਆ ਦੇਵੇ।
ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਦੂਹਰੇ ਇੰਜਨ ਦੀ ਸਰਕਾਰ ਲੋਕਾਂ ਦਾ ਭਲਾ ਕਰ ਰਹੀ ਹੈ। ਇਹ ਛੋਟੇ ਕਿਸਾਨਾਂ ਦੀਆਂ ਛੋਟੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਹੀ ਹੈ। ਭਾਜਪਾ ਸਰਕਾਰ ਆਵੇਗੀ ਤਾਂ ਜਲੰਧਰ ਸਣੇ ਪੂਰੇ ਖੇਤਰ ਵਿੱਚ ਕਨੈਕਟੀਵਿਟੀ ਨੂੰ ਵਧਾਇਆ ਜਾਵੇਗਾ।
ਪੰਜਾਬ ਦੇ ਪ੍ਰਸ਼ਾਸਨ ਦੀ ਕੀਤੀ ਨਿੰਦਾ
ਨਰਿੰਦਰ ਮੋਦੀ ਨੇ ਕਿਹਾ, “ਮੇਰੀ ਜਲੰਧਰ ਦੇ ਮਸ਼ਹੂਰ ਦੇਵੀ ਤਲਾਬ ਮੰਦਿਰ ਜਾਣ ਦੀ ਇੱਛਾ ਸੀ। ਇੱਥੋਂ ਦੇ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਤੁਸੀਂ ਹੈਲੀਕਾਪਟਰ ਤੋਂ ਜਾਓ, ਅਸੀਂ ਪ੍ਰਬੰਧ ਨਹੀਂ ਕਰ ਸਕਦੇ। ਹੁਣ ਵੇਖੋ ਇਹ ਹੈ ਇਸ ਸੂਬੇ ਦਾ ਹਾਲ। ਮੈਂ ਦੇਵੀ ਮਾਤਾ ਨੂੰ ਬੇਨਤੀ ਕੀਤੀ ਕਿ ਮੈਂ ਉਨ੍ਹਾਂ ਦੇ ਦਰਸ਼ਨ ਕਰਨ ਜ਼ਰੂਰ ਆਵਾਂਗਾ।”
ਉਨ੍ਹਾਂ ਨੇ ਕਿਹਾ, “ਗੁਰੂਆਂ, ਪੀਰਾਂ ਅਤੇ ਵੀਰਾਂ ਦੀ ਧਰਤੀ ‘ਤੇ ਆਉਣਾ ਆਪਣੇ-ਆਪ ਵਿੱਚ ਆਉਣਾ ਬਹੁਤ ਵੱਡਾ ਸੁੱਖ ਹੈ।“ “ਇੱਥੇ ਬਹੁਤ ਸਾਰੇ ਲੋਕ ਜਿਨ੍ਹਾਂ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਅਤੇ ਪੰਜਾਬ ਨਾਲ ਮੇਰਾ ਭਾਵਨਾਤਮਕ ਰਿਸ਼ਤਾ ਰਿਹਾ ਹੈ। ਪੰਜਾਬ ਨੇ ਉਸ, ਵੇਲੇ ਮੈਨੂੰ ਸਾਂਭਿਆ ਜਦੋਂ ਮੈਂ ਇੱਥੇ ਭਾਜਪਾ ਵਰਕਰ ਵਜੋਂ ਕੰਮ ਕਰਦਾ ਹੁੰਦਾ ਸੀ।“
ਪੁਲਵਾਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਮੋਦੀ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਤੀਜੀ ਬਰਸੀ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬ ਨੇ ਮੈਨੂੰ ਉਸ ਸਮੇਂ ਰੋਟੀ ਖਵਾਈ ਜਦੋਂ ਮੈਂ ਬੀਜੇਪੀ ਦੇ ਸਾਧਾਰਨ ਕਾਰਜਕਰਤਾ ਵਜੋਂ ਗਲੀ-ਗਲੀ ਘੁੰਮਦਾ ਸੀ।
ਕੈਪਟਨ ਦੇ ਗਾਏ ਸੋਹਲੇ
ਕੈਪਟਨ ਨੇ ਸੰਘੀ ਸਿਧਾਂਤ ਅਤੇ ਸੰਵਿਧਾਨ ਮੁਤਾਬਕ ਕੀਤਾ ਤਾਂ ਕਾਂਗਰਸੀ ਕਹਿੰਦੇ ਸਨ ਕੈਪਟਨ ਸਰਕਾਰ ਕੇਂਦਰ ਨਾਲ ਮਿਲ ਕੇ ਚਲਦੇ ਹਨ। ਉਨ੍ਹਾਂ ਨੇ ਤਾਂ ਫੈਡਰਲ ਢਾਂਚੇ ਅਨੁਸਾਰ ਕੰਮ ਕੀਤਾ, ਉਨ੍ਹਾਂ ਕੈਪਟਨ ਨੂੰ ਅਲਿਵਦਾ ਆਖ ਦਿੱਤਾ। ਕਾਂਗਰਸ ਦੀਆਂ ਨੀਤੀਆਂ ਨੇ ਇਥੋਂ ਦੀਆਂ ਇੰਡਸਟਰੀਆਂ ਨੂੰ ਤਬਾਹ ਕਰ ਦਿੱਤਾ। ਭਾਜਪਾ ਸਰਕਾਰ ਵਿੱਚ ਇੱਥੋਂ ਦਾ ਵਪਾਰੀ ਕਿਸੇ ਵੀ ਡਰ ਅਤੇ ਅੱਤਿਆਚਾਰ ਤੋਂ ਬਿਨਾਂ ਆਪਣਾ ਕਾਰੋਬਾਰ ਕਰੇਗਾ। ਮੈਂ ਇਸ ਗੱਲ ਭਰੋਸਾ ਦਿੰਦਾਂ ਹਾਂ।
ਆਪਣੀ ਪਾਰਟੀ ਦੀ ਬਾਕੀਆਂ ਨਾਲ ਕੀਤੀ ਤੁਲਨਾ
ਮੋਦੀ ਨੇ ਕਿਹਾ ਕਿ ਅੱਜ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤੇ ਐੱਨਡੀਏ ਹੈ, ਜਿਸ ਦੀ ਵਿਚਾਰਧਾਰਾ ਪੰਜਾਬ ਨਾਲ ਜੁੜੀ ਹੈ। ਅਸੀਂ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦੁਰ ਜੀ, ਬਾਬਾ ਸਾਹਿਬ ਅੰਬੇਡਕਰ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਐਲਾਨਿਆ ਪਰ ਇਹ ਲੋਕ ਪੰਜਾਬ ਦੀ ਵਿਰਾਸਤ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਅਸੀਂ ਦੇਸ਼ ਦੀਆਂ ਸੀਮਾਵਾਂ ਨੂੰ ਮਜ਼ਬੂਤ ਕਰਦੇ ਹਾਂ ਅਤੇ ਉਨ੍ਹਾਂ ਦੇ ਨੇਤਾ ਸੈਨਾ ਦੇ ਲੋਕਾਂ ਨੂੰ ਗੁੰਡਾ ਕਹਿੰਦੇ ਹਨ। ਅਸੀਂ ਐੱਸਆਈਟੀ ਬਣਾਈ ਅਤੇ ਕਾਂਗਰਸ ਨੇ ਉਨ੍ਹਾਂ ਨੂੰ ਵੱਡੇ ਅਹੁਦੇ ਦੇ ਕੇ ਜਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ। ਜਦੋਂ ਤੱਕ ਕਾਂਗਰਸ ਉਸ ਪਰਿਵਾਰ ਦੇ ਕਬਜ਼ੇ ਵਿੱਚ ਹੈ, ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਹੈ।
ਸੁਣਾਇਆ ਆਪਣੀ ਜ਼ਿੰਦਗੀ ਦਾ ਇੱਕ ਕਿੱਸਾ
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਦੌਰਾਨ ਉਨ੍ਹਾਂ ਦੀ ਉਡਾਣ ਰੱਦ ਕਰਨ ਵਾਲਾ ਇੱਕ ਕਿੱਸਾ ਵੀ ਸੁਣਾਇਆ। ਉਨ੍ਹਾਂ ਨੇ ਕਿਹਾ, “2014 ਨੂੰ ਜਦੋਂ ਮੈਨੂੰ ਪ੍ਰਧਾਨ ਮੰਤਰੀ ਲਈ ਉਮੀਦਵਾਰ ਬਣਾਇਆ ਗਿਆ ਤਾਂ ਮੈਂ ਪੂਰੇ ਦੇਸ਼ ਵਿੱਚ ਚੋਣ ਪ੍ਰਚਾਰ ਕਰਨ ਲਈ ਜਾਂਦਾ ਸੀ। ਇੱਕ ਵਾਰ ਮੈਨੂੰ ਵੀ ਪਠਾਨਕੋਟ ਆਉਣਾ ਸੀ ਪਰ ਕਾਂਗਰਸ ਦੇ ‘ਯੁਵਰਾਜ’ ਨੇ ਵੀ ਪੰਜਾਬ ਵਿੱਚ ਕਿਤੇ ਆਉਣਾ ਸੀ ਤਾਂ ਮੇਰੇ ਜਹਾਜ਼ ਨੂੰ ਉੱਡਣ ਨਹੀਂ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਜਦੋਂ ਪਠਾਨਕੋਟ ਤੋਂ ਵੀ ਮੇਰੇ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਮਿਲੀ। ਇਸ ਤਰ੍ਹਾਂ ਮੇਰੇ ਦੋ ਪ੍ਰੋਗਰਾਮ ਰੱਦ ਹੋ ਗਏ। ਕਾਂਗਰਸ ਪਾਰਟੀ ਅਜਿਹੀਆਂ ਚਾਲਾਂ ਮੈਨੂੰ ਰੋਕਣ ਵਾਸਤੇ ਚੱਲਦੀ ਸੀ।”
ਤੁਹਾਨੂੰ ਦੱਸ ਦੇਈਏ ਕਿ ਅੱਜ ਹੁਸ਼ਿਆਰਪੁਰ ਦੀ ਰਾਹੁਲ ਗਾਂਧੀ ਦੀ ਰੈਲੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਹੀਂ ਪਹੁੰਚ ਸਕੇ। ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਮਿਲੀ। ਇਸ ਦਾ ਕਾਰਨ ਸੀ ਕਿ ਨਰਿੰਦਰ ਮੋਦੀ ਦੇ ਪੰਜਾਬ ਆਉਣ ਕਾਰਨ ਪੰਜਾਬ ਨੂੰ ‘ਨੋ ਫਲਾਈਂਗ ਜ਼ੋਨ ਐਲਾਨ ਦਿੱਤਾ ਸੀ।”
ਸੁਖਦੇਵ ਢੀਂਡਸਾ ਨੇ ਮੋਦੀ ਦੀ ਕੀਤੀ ਤਾਰੀਫ਼
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਹਮੇਸ਼ਾ ਮੋਦੀ ਦੇ ਨਾਲ ਹਾਂ। ਪੰਜਾਬ ਨੂੰ ਸਿਰਫ਼ ਮੋਦੀ ਬਚਾ ਸਕਦੇ ਹਨ। ਕਿਸਾਨਾਂ ਦੇ ਮਨਾਂ ਵਿੱਚ ਹਾਲੇ ਵੀ ਥੋੜਾ-ਬਹੁਤਾ ਗੁੱਸਾ ਹੈ ਤੇ ਇਹ ਗੁੱਸਾ ਜਾਇਜ਼ ਵੀ ਹੈ ਪਰ ਮੋਦੀ ਨੇ ਜਿਸ ਖੁੱਲਦਿਲੀ ਦੇ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ, ਦੇਸ਼ ਅਤੇ ਕਿਸਾਨਾਂ ਤੋਂ ਮੁਆਫੀ ਵੀ ਮੰਗੀ, ਅਤੇ ਰਹਿੰਦੀਆਂ ਛੋਟੀਆਂ-ਮੋਟੀਆਂ ਗੱਲਾਂ ਵੀ ਉਹ ਪੂਰੀਆਂ ਕਰਨਗੇ। “ਬਹੁਤ ਸਾਰੇ ਉਮੀਦਵਾਰ ਸਾਡੇ ਕੋਲ ਇੱਥੇ ਮੌਜੂਦ ਹਨ, ਭਾਵੇਂ ਭਾਜਪਾ ਵਜੋਂ ਤੇ ਭਾਵੇਂ ਸੰਯੁਕਤ ਅਕਾਲੀ ਦਲ ਦੇ ਰੂਪ ਵਿੱਚ ਹਨ। ਅਸੀਂ ਤੁਹਾਡੇ ਨਾਲ ਇਸ ਕਰ ਕੇ ਕਿਉਂਕਿ ਤੁਸੀਂ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹੋ।“ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਹੁਣ ਬਾਦਲ ਅਕਾਲੀ ਦਲ ਬਣ ਕੇ ਰਹਿ ਗਿਆ ਹੈ।
ਕੈਪਟਨ ਨੇ ਗਾਏ ਮੋਦੀ ਦੇ ਸੋਹਲੇ
ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਪਹਿਲਾ ਕਦਮ ਹੋਣਾ ਚਾਹੀਦਾ ਹੈ ਦੇਸ਼ ਦੀ ਰੱਖਿਆ। “ਦੂਜੀ ਗੱਲ ਸੂਬਾ ਕਰਜ਼ੇ ਵਿੱਚ ਹੈ ਅਤੇ ਇਸ ‘ਤੇ ਕਰੀਬ-ਕਰੀਬ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਜਿਹੜੀ ਜੀਐੱਸਟੀ ਵੀ ਅਗਲੇ ਸਾਲ ਮੁੱਕ ਜਾਣੀ ਤੇ ਫਿਰ ਪੈਸਾ ਕਿਥੋਂ ਆਵੇਗਾ। ਜਦੋਂ ਤੱਕ ਸੈਂਟਰ ਦੀ ਸਰਕਾਰ ਅਤੇ ਸੂਬੇ ਦੀ ਸਰਕਾਰ ਮਿਲ ਚੱਲੇਗੀ ਤਾਂ ਪੰਜਾਬ ਦਾ ਭਵਿੱਖ ਬਣੇਗਾ।“
“ਮੈਂ ਆਸ ਕਰਦਾ ਹਾਂ ਕਿ ਜਿਸ ਜਜ਼ਬੇ ਨਾਲ ਤੁਸੀਂ ਇੱਥੇ ਪੀਐੱਮ ਨੂੰ ਮਿਲਣ ਆਏ ਓਵੇਂ ਉਮੀਦਵਾਰਾਂ ਨੂੰ ਜਿਤਾਓ। ਮੇਰਾ ਪ੍ਰਧਾਨ ਮੰਤਰੀ ਨਾਲ ਬੜਾ ਪਿਆਰ ਹੈ, ਜਿਵੇਂ ਕਾਂਗਰਸ ਵੀ ਕਹਿੰਦੀ ਹੈ ਮੇਰਾ ਭਾਜਪਾ ਨਾਲ ਪਿਆਰ। ਜੋ ਕਹਿੰਦਾ ਹੈ ਕਹੀ ਜਾਣ ਮੇਰਾ ਪਿਆਰ ਹੈ ਹੀ ਇਨ੍ਹਾਂ ਨਾਲ“