Punjab

ਮੋਦੀ ਨੇ ਚੰਨੀ ਦਾ ਜਹਾਜ ਉੱਡਣੋਂ ਰੋਕਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜ ਜਨਵਰੀ ਦੀ ਰੱਦ ਹੋਈ ਫੇਰੀ ਨੂੰ ਲੈ ਕੇ ਅਜੇ ਬਖੇੜਾ ਨਿੱਬੜਿਆ ਨਹੀਂ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਿੱਚ ਦੁਬਾਰਾ ਭੇੜ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਦੂਜੀ ਪੰਜਾਬ ਫੇਰੀ ਵੀ ਖਲਜਗਣ ਬਣ ਗਈ ਹੈ। ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਤੋਂ ਪੰਜਾਬ ਲਈ ਉੱਡਣਾ ਚਾਹ ਰਹੇ ਸਨ ਪਰ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਕਰਕੇ ਉਨ੍ਹਾਂ ਦੇ ਉੱਡਣ ਖਟੋਲੇ ਨੂੰ ਉਡਾਣ ਨਾ ਭਰਨ ਦਿੱਤੀ ਗਈ। ਪ੍ਰਧਾਨ ਮੰਤਰੀ ਦੀ ਫੇਰੀ ਕਾਰਨ ਪੰਜਾਬ ਨੂੰ ਅੱਜ ਇੱਕ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਮੋਦੀ ਜਲੰਧਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ।

ਦੂਜੇ ਪਾਸੇ ਚੰਨੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਉਡਾਣ ਭਰਨ ਲਈ ਅਗਾਊਂ ਮਨਜ਼ੂਰੀ ਮੰਗੀ ਹੋਈ ਸੀ। ਚੰਨੀ ਲਗਭਗ ਪੌਣੇ ਦੋ ਘੰਟੇ ਤੋਂ ਉਡਣ ਖਟੋਲੇ ਵਿੱਚ ਬੈਠੇ ਫੋਨ ਘੁਮਾ ਰਹੇ ਹਨ ਪਰ ਹਾਲੇ ਤੱਕ ਕੋਈ ਗੱਲ ਨਹੀਂ ਬਣਦੀ ਲੱਗਦੀ। ਕਿਸੇ ਵੀ ਸੂਬੇ ਵਿੱਚ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੇ ਆਉਣਾ ਹੋਵੇ ਤਾਂ ਨੋ ਫਲਾਈ ਜ਼ੋਨ ਕਰਾਰ ਦਿੱਤਾ ਜਾਂਦਾ ਹੈ। ਇਹ ਵੀ ਸਬੱਬ ਕਹੀਏ ਕਿ ਜਿਸ ਸਮੇਂ ਚੰਨੀ ਉਡਾਣ ਭਰਨਾ ਚਾਹ ਰਹੇ ਸਨ, ਉਸ ਤੋਂ ਕੁੱਝ ਘੰਟੇ ਦੇ ਅੱਗੇ-ਪਿੱਛੇ ਫਰਕ ਨਾਲ ਪ੍ਰਧਾਨ ਮੰਤਰੀ ਦੇ ਜਹਾਜ਼ ਨੇ ਉਸੇ ਰਸਤੇ ਤੋਂ ਦੀ ਲੰਘਣਾ ਹੈ। ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਸੁਰੱਖਿਆ ਪ੍ਰਬੰਧਾਂ ਵਿੱਚ ਉਕਾਈ ਕਾਰਨ ਅੱਧਵੱਟੇ ਰੱਦ ਕਰਨੀ ਪਈ ਸੀ। ਉਸ ਤੋਂ ਬਾਅਦ ਚੰਨੀ ਮੋਦੀ ਦੇ ਦੋਸ਼ਾਂ ਮੂਹਰੇ ਹਿੱਕ ਡਾਹ ਕੇ ਖੜ ਗਏ ਜਿਹੜਾ ਕਿ ਉਨ੍ਹਾਂ ਨੂੰ ਬਾਅਦ ਵਿੱਚ ਮਹਿੰਗਾ ਪਿਆ।

ਪ੍ਰਧਾਨ ਮੰਤਰੀ ਦੀ ਪਿਛਲੀ ਫੇਰੀ ਦੀ ਜਾਂਚ ਸੁਪਰੀਮ ਕੋਰਟ ਕਰ ਰਹੀ ਹੈ ਕਿ ਇਸ ਵਾਰ ਦੀ ਫੇਰੀ ਨੂੰ ਲੈ ਕੇ ਨਵਾਂ ਬਖੇੜਾ ਖੜਾ ਹੋ ਗਿਆ ਹੈ। ਹੁਣ ਜਦੋਂ ਚੋਣ ਪ੍ਰਚਾਰ ਬੰਦ ਹੋਣ ਵਿੱਚ ਤਿੰਨ ਦਿਨ ਬਾਕੀ ਰਹਿ ਗਏ ਹਨ ਤਾਂ ਚੰਨੀ ਦਾ ਚੋਪਰ ਉਡਾਣ ਨਹੀਂ ਭਰਦਾ ਤਾਂ ਉਨ੍ਹਾਂ ਦੇ ਸਾਰੇ ਪ੍ਰੋਗਰਾਮ ਬਿਖਰ ਕੇ ਰਹਿ ਜਾਣਗੇ।

ਕਿੱਥੇ ਜਾ ਰਹੇ ਸੀ ਚੰਨੀ ?

ਪ੍ਰਧਾਨ ਮੰਤਰੀ ਮੋਦੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ, ਦੋਵਾਂ ਦੀਆਂ ਹੀ ਅੱਜ ਪੰਜਾਬ ਵਿੱਚ ਰੈਲੀਆਂ ਹਨ। ਰਾਹੁਲ ਗਾਂਧੀ ਪੰਜਾਬ ਪਹੁੰਚ ਚੁੱਕੇ ਹਨ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਨਾਲ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਉਹਨਾਂ ਦਾ ਸਵਾਗਤ ਕੀਤਾ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਦੀ ਪੰਜਾਬ ਰੈਲੀ ਨੂੰ ਦੇਖਦਿਆਂ ਹੋਇਆਂ ਸੁਰੱਖਿਆ ਪ੍ਰਬੰਧ ਮਜਬੂਤ ਕੀਤੇ ਗਏ ਹਨ ਜਿਸਦੇ ਤਹਿਤ ਮੁੱਖ ਮੰਤਰੀ ਚੰਨੀ ਦੇ ਹੈਲੀਕਾਪਟਰ ਨੂੰ ਉਡਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਹੈ।

ਸੁਨੀਲ ਜਾਖੜ ਨੇ ਕੀਤੀ ਨਿੰਦਾ

ਹੁਸ਼ਿਆਰਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਚੌਪਰ ਦੀ ਆਗਿਆ ਰੱਦ ਕੀਤੀ ਗਈ ਹੈ। ਇਹ ਸ਼ਰਮਨਾਕ ਹੋਵੇਗਾ ਜੇਕਰ ਚੋਣ ਕਮਿਸ਼ਨ ਇਸ ਦਾ ਸੰਗਿਆਨ ਨਹੀਂ ਲੈਂਦਾ।