‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੰਧੂ ਨੇ ਪਰਵਾਸੀ ਭਾਰਤੀਆਂ ਦੇ ਇਕ ਐੱਨਆਰਆਈ ਇੱਕਠ ਦਾ ਸਮਰਥਨ ਪ੍ਰਾਪਤ ਕਰਦਿਆਂ ਉਨ੍ਹਾਂ ਨੂੰ ਨਵੇਂ ਪੰਜਾਬ ਦੀ ਸਿਰਜਣਾ ਲਈ ਸਹਿਯੋਗ ਦੇਣ ਲਈ ਆਖਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਹ ਮੁੱਖ ਮੰਤਰੀ ਨਹੀਂ ਬਣ ਸਕਦੇ ਪਰ ਪੰਜਾਬ ਦੇ ਬਿਹਤਰ ਭਵਿੱਖ ਲਈ ਨਿਰੰਤਰ ਲੜਦੇ ਰਹਿਣਗੇ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਵਿੱਚੋਂ ਲੋਕ ਵਿਦੇਸ਼ਾਂ ਵਿੱਚ ਰਹਿ ਰਹੇ ਹਨ । ਉਨ੍ਹਾਂ ਕਿਹਾ ਕਿ ਪਰਵਾਸੀਆਂ ਵੱਲੋਂ ਭੇਜੀ ਮਾਇਕ ਮਦਦ ਨਾਲ ਪਿੰਡਾਂ ਦਾ ਵਿਕਾਸ ਹੋਇਆ ਹੈ।
ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਪਰਵਾਸੀ ਭਾਰਤੀਆਂ ਨੂੰ ਆਖਿਆ ਕਿ ਉਹ ਇਕ ਨਵੇਂ ਪੰਜਾਬ ਦੀ ਸਿਰਜਣਾ ਲਈ ਸਹਿਯੋਗ ਦੇਣ ਅਤੇ ਚੋਣਾਂ ਦੌਰਾਨ ਫੰਡਾਂ ਦੀ ਥਾਂ ਰਿਸ਼ਤੇਦਾਰਾਂ ਅਤੇ ਸਮਰਥਕਾਂ ਨੂੰ ਕਾਂਗਰਸ ਦੇ ਹੱਕ ’ਚ ਵੋਟ ਭੁਗਤਾਉਣ ਦੀ ਅਪੀਲ ਕਰਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਮਾਫੀਆ ਰਾਜ ਖ਼ਿਲਾਫ਼ ਹੈ, ਜਿਨ੍ਹਾਂ ਨੇ ਪੰਜਾਬ ਨੂੰ ਗਹਿਣੇ ਪਾ ਦਿੱਤਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਸਰਕਾਰ ਦਾ ਪੈਸਾ ਘੱਟ ਅਤੇ ਪਰਵਾਸੀ ਭਾਰਤੀਆਂ ਦਾ ਯੋਗਦਾਨ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ ਲੋਕਾਂ ਦਾ ਭਲਾਈ ਲਈ ਬਣਾਇਆ ਗਿਆ ਹੈ ‘ਤੇ ਇਸ ਵਿੱਚ ਪੰਜਾਬ ਦੇ ਲੋਕਾਂ ਦਾ ਹੀ ਫਾਇਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਦੀ ਲੁੱਟ ਨੂੰ ਰੋਕਣਾ ਅਸਲੀ ਲੜਾਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਗਿਰਵੀ ਧਰ ਦਿੱਤਾ ਹੈ। ਪੰਜਾਬ ਦਾ ਕਰਜ਼ਾ ਸਰਕਾਰ ਪੰਜਾਬ ਦੇ ਲੋਕਾਂ ਕੋਲੋਂ ਪੈਸੇ ਲੈ ਕੇ ਉਤਾਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਕਰਤਾਰਪੁਰ ਲਾਂਘਾ ਖੁੱਲ੍ਹ ਸਕਦਾ ਹੈ, ਕੈਪਟਨ ਸਰਕਾਰ ਨੂੰ ਹਟਾਇਆ ਜਾ ਸਕਦਾ ਹੈ ਤਾਂ ਪੰਜਾਬ ਦਾ ਬਿਹਤਰ ਭਵਿੱਖ ਵੀ ਬਣਾਇਆ ਜਾ ਸਕਦਾ ਹੈ।