‘ਦ ਖ਼ਾਲਸ ਬਿਊਰੋ : ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਏਬੀਜੀ ਸ਼ਿਪਯਾਰਡ ਲਿਮਟਿਡ ਅਤੇ ਇਸ ਦੇ ਤਤਕਾਲੀ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਿਸ਼ੀ ਕਮਲੇਸ਼ ਅਗਰਵਾਲ ਸਣੇ ਹੋਰਨਾਂ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਨਾਲ 22,842 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਧੋਖਾਧੜੀ ਦੇ ਮਾਮਲੇ ਨਾਲ ਸੰਬੰਧਿਤ ਹੈ।
8 ਨਵੰਬਰ 2019 ਨੂੰ ਸਟੇਟ ਬੈਂਕ ਨੇ ਸਭ ਤੋਂ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ ਜਿਸ ’ਤੇ ਸੀਬੀਆਈ ਵੱਲੋਂ 12 ਮਾਰਚ 2020 ਨੂੰ ਸਪੱਸ਼ਟੀਕਰਨ ਮੰਗਣ ਤੋਂ ਬਾਅਦ ਬੈਂਕ ਨੇ ਉਸੇ ਸਾਲ ਅਗਸਤ ਵਿੱਚ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਕੇਸ ਤੇ ਲੰਬੀ ਛਾਣਬੀਣ ਤੋਂ ਬਾਅਦ, ਸੀਬੀਆਈ ਨੇ ਇਸ ਸਾਲ 7 ਫਰਵਰੀ, 2022 ਨੂੰ ਐਫਆਈਆਰ ਦਰਜ ਕੀਤੀ ਸੀ। ਸੰਬੰਧਤ ਬੈਂਕਾਂ ਨੇ ਏਬੀਜੀ ਸ਼ਿਪਯਾਰਡ ਕੰਪਨੀ ਨੂੰ ਜੋ ਕਰਜ਼ਾ ਸਹੂਲਤ ਦਿੱਤੀ ਸੀ,ਉਸ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ 2012 ਤੋਂ 2017 ਦਰਮਿਆਨ ਕੰਪਨੀ ਦੇ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਆਪਸੀ ਮਿਲੀਭੁਗਤ ਨਾਲ ਪੈਸੇ ਦੀ ਦੁਰਵਰਤੋਂ ਕੀਤੀ ਹੈ।